ਤਰਨਤਾਰਨ: ਸੂਬੇ ਚ ਕਤਲ, ਲੁੱਟਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਸਵਾਲਾਂ ਦੇ ਘੇਰੇ ’ਚ ਹੈ। ਉੱਥੇ ਹੀ ਦੂਜੇ ਪਾਸੇ ਪੁਲਿਸ ਦੀ ਕਾਰਵਾਈ ਤੋਂ ਬੇਖੌਫ ਲੁਟੇਰੇ ਅਤੇ ਚੋਰ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ।
ਇਸੇ ਤਰ੍ਹਾਂ ਦਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਦਿਨ ਦਿਹਾੜੇ ਦੁਕਾਨ ਦੇ ਗੱਲੇ ਚੋਂ ਪੈਸੇ ਚੋਰੀ ਕਰ ਇੱਕ ਚੋਰ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਕੁਟਾਪਾ ਚਾੜਿਆ। ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਤਸਵੀਰਾਂ ਦੁਕਾਨ ਚ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈਆਂ ਹਨ।
ਇਸ ਸਬੰਧੀ ਫਤਿਆਬਾਦ ਦੇ ਮੁੱਖ ਬਜ਼ਾਰ ’ਚ ਸਥਿਤ ਬੱਬੂ ਕਰਿਆਨਾ ਸਟੋਰ ਦੇ ਮਾਲਕ ਕਸ਼ਮੀਰ ਸਿੰਘ ਤੇ ਕੰਵਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਾਮ ਚਾਰ ਵਜੇ ਦੇ ਕਰੀਬ ਇੱਕ ਨੌਜਵਾਨ ਸਮਾਨ ਲੈਣ ਬਹਾਨੇ ਦੁਕਾਨ ’ਤੇ ਆਇਆ ਅਤੇ ਜਦੋਂ ਉਹ ਦੂਜੇ ਗਾਹਕਾਂ ਨੂੰ ਸੌਦਾ ਦੇ ਰਹੇ ਸਨ ਤਾਂ ਉਕਤ ਵਿਅਕਤੀ ਨੇ ਮੌਕਾ ਪਾ ਕੇ ਉਨ੍ਹਾਂ ਦੇ ਗੱਲੇ ਵਿੱਚੋਂ ਪਏ ਪੈਸੇ ਜੇਬ ਚ ਪਾ ਲਏ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਜਿਵੇਂ ਹੀ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਭੇਜ ਦਿੱਤੀ।
ਉੱਥੇ ਹੀ ਦੂਜੇ ਪਾਸੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਨੇ ਚੋਰ ਨੂੰ ਕਾਬੂ ਕਰ ਆਪਣੇ ਨਾਲ ਲੈ ਗਈ। ਨਾਲ ਹੀ ਇਸ ਦੌਰਾਨ ਮੌਕੇ ਤੇ ਮੌਜੂਦ ਲੋਕਾਂ ਨੇ ਦਿਨ ਦਿਹਾੜੇ ਹੋ ਰਹੀਆਂ ਚੋਰੀਆਂ ਨੂੰ ਠੱਲ੍ਹ ਪਾਉਣ ਅਤੇ ਅਪਰਾਧੀਆਂ ਖਿਲਾਫ ਸਖ਼ਤ ਕਾਰਵਾਈ ਲਈ ਪੁਲਿਸ ਮੁਖੀ ਅੱਗੇ ਮੰਗ ਕੀਤੀ। ਇਸ ਸਬੰਧੀ ਪੁਲਿਸ ਚੌਕੀ ਫ਼ਤਿਆਬਾਦ ਦੇ ਇੰਚਾਰਜ ਬਲਰਾਜ ਸਿੰਘ ਨੇ ਕਿਹਾ ਕਿ ਦੁਕਾਨਦਾਰ ਦੇ ਬਿਆਨਾਂ ’ਤੇ ਕਾਨੂੰਨੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
ਇਹ ਵੀ ਪੜੋ: ਬੱਸਾਂ ਦੇ ਟਾਈਮ ਟੇਬਲ ਨੂੰ ਲੈਕੇ PRTC ਤੇ ਨਿੱਜੀ ਬੱਸ ਚਾਲਕ ਹੋਏ ਆਹਮੋ-ਸਾਹਮਣੇ