ਤਰਨ ਤਾਰਨ: ਪੱਟੀ ਦੇ ਪਿੰਡ ਭੱਗੂਪੁਰ ਵਿੱਚ ਪੁਰਾਣੀ ਰੰਜਿਸ਼ ਦੇ ਚੱਲਦੇ ਦੂਜੇ ਧਿਰ ਵੱਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਮਨਦੀਪ ਸਿੰਘ ਦੀ ਉਮਰ 24 ਸਾਲ ਦੱਸੀ ਜਾ ਰਹੀ ਹੈ। ਉਸ ਦੇ ਪਿਤਾ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 6-7 ਮਹੀਨੇ ਪਹਿਲਾਂ ਇੰਦਰਜੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਾਲ ਝਗੜਾ ਹੋਇਆ ਸੀ। ਇਸ ਝਗੜੇ ਵਿੱਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ, ਜਿਸ ਦੇ ਦੋਸ਼ ਵਿੱਚ ਉਸ ਦੇ 3 ਭਰਾ ਜੇਲ੍ਹ ਵਿੱਚ ਹਨ ਜਦਕਿ ਉਸ ਦਾ ਪੁੱਤਰ ਮਨਦੀਪ ਸਿੰਘ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਰਾਜ਼ੀਨਾਮੇ ਲਈ ਪੱਟੀ ਬੁਲਾਇਆ ਸੀ ਪਰ ਜਦ ਮਨਦੀਪ ਸਿੰਘ ਤੇ ਹੋਰ ਲੋਕ ਭੱਗੂਪੁਰ ਪੈਟਰੋਲ ਪੰਪ ਕੋਲ ਪੁੱਜੇ ਤਾਂ ਪਿੱਛੋਂ ਆ ਰਹੀ ਸਵਿਫਟ ਕਾਰ ਨੇ ਉਨ੍ਹਾਂ ਦੇ ਪੁੱਤਰ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਥੱਲੇ ਡਿੱਗ ਪਿਆ। ਇਸ ਤੋਂ ਬਾਅਦ ਸਵਿਫਟ ਕਾਰ ਵਿੱਚੋਂ ਨਿਕਲੇ ਲੋਕਾਂ ਨੇ ਨੌਜਵਾਨ 'ਤੇ 6 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ 3 ਗੋਲੀਆਂ ਮਨਦੀਪ ਸਿੰਘ ਦੇ ਮੱਥੇ ਵਿੱਚ ਲੱਗੀਆਂ ਅਤੇ ਉਸ ਦੀ ਮੌਕੇ 'ਤੇ ਮੌਤ ਹੋ ਗਈ।
ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜਦੋਂ ਤੱਕ ਸਾਰੇ ਦੋਸ਼ੀ ਫੜੇ ਨਹੀਂ ਜਾਂਦੇ, ਉਦੋਂ ਤੱਕ ਉਨ੍ਹਾਂ ਵੱਲੋਂ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਹਾਈਵੇ 'ਤੇ ਧਰਨਾ ਵੀ ਦਿੱਤਾ ਜਾਵੇਗਾ।
ਇਸ ਸਬੰਧੀ ਪੱਟੀ ਦੇ ਡੀਐਸਪੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਉਨ੍ਹਾਂ ਵੱਲੋਂ 8 ਦੋਸ਼ੀਆ ਅਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।