ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਮੰਨਣ ਵਿਖੇ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋ ਵੋਟਾਂ ਦੀ ਰੰਜਿਸ਼ ਨੂੰ ਲੈ ਕੇ ਪਿੰਡ ਦੇ ਲੋਕਾਂ ਦੇ ਝਗੜਾ ਹੋ ਗਿਆ। ਦੱਸ ਦਈਏ ਕਿ ਪਿੰਡ ਦੇ ਦਲਿਤ ਨੌਜਵਾਨ ਵੱਲੋਂ ਆਮ ਆਦਮੀ ਪਾਰਟੀ ਦੇ ਆਗੂਆਂ ’ਤੇ ਕੁੱਟਮਾਰ ਕਰਨ ਅਤੇ ਜਾਤੀਸੂਚਕ ਸ਼ਬਦਾਂ ਦਾ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਬਲਕਾਰ ਸਿੰਘ ਨੇ ਦੱਸਿਆ ਕਿ 20 ਫਰਵਰੀ ਵੋਟਾਂ ਵਾਲੇ ਦਿਨ ਉਹ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਵੋਟਾਂ ਵਾਲੀ ਪਰਚੀ ਲੈਣ ਗਿਆ ਤਾਂ ਉੱਥੇ ਮੌਜੂਦ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਜਦੋਂ ਉਸ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ। ਬਲਕਾਰ ਸਿੰਘ ਨੇ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਉਕਤ ਆਗੂਆਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਇਸ ਨੂੰ ਜਾਤੀਸੂਚਕ ਸ਼ਬਦ ਵੀ ਕਹਿ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਥਾਣਾ ਝਬਾਲ ਵਿਖੇ ਦਰਖਾਸਤ ਵੀ ਦਿੱਤੀ ਹੋਈ ਹੈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਦੇ ਚੇਅਰਮੈਨ ਰਾਜ ਕੁਮਾਰ ਹੰਸ ਪਾਸੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆ ਨੇ ਸ਼ਰੇਆਮ ਉਸ ਦੀ ਜਾਤੀ ਦੇ ਖਿਲਾਫ ਅਪਸ਼ਬਦ ਬੋਲੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਚੇਅਰਮੈਨ ਖ਼ੁਦ ਦਖ਼ਲ ਦੇ ਕੇ ਇਸ ਮਾਮਲੇ ਵਿਚ ਉਨ੍ਹਾਂ ਨੂੰ ਇਨਸਾਫ਼ ਦਿਵਾਉਣ।
ਫਿਲਹਾਲ ਮਾਮਲੇ ਸਬੰਧੀ ਐਸਐਚਓ ਜਸਵੰਤ ਸਿੰਘ ਭੱਟੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਯੂਕਰੇਨ ’ਚ ਫਸੀ ਫਰੀਦਕੋਟ ਦੀ ਵਿਦਿਆਰਥਣ, ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਅਪੀਲ