ਸੰਗਰੂਰ: ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸੰਗਰੂਰ 'ਚ ਹੁਣ ਤੱਕ ਕੋਰੋਨਾ ਪੌਜ਼ੀਟਿਵ ਮਰੀਜਾਂ ਦੀ ਗਿਣਤੀ 625 ਹੋ ਗਈ ਹੈ। ਹੁਣ ਆਮ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਕੋਰੋਨਾ ਦੀ ਚਪੇਟ 'ਚ ਆ ਗਏ ਹਨ।
ਜਾਣਕਾਰੀ ਦੇ ਮੁਤਾਬਕ ਜ਼ਿਲ੍ਹੇ ਦੇ ਸਬ ਡਿਵੀਜ਼ਨ ਦਿੜ੍ਹਬਾ ਦੇ ਐਸਡੀਐਮ ਅਧਿਕਾਰੀ ਮਨਜੀਤ ਸਿੰਘ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਮਗਰੋਂ ਐਸਡੀਐਮ ਦਫਤਰ ਬੰਦ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਦਫਤਰ ਦੇ ਸਾਰੇ ਮੁਲਾਜ਼ਮਾਂ ਨੂੰ ਇਕਾਂਤਵਾਸ 'ਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ। ਸਿਹਤ ਵਿਭਾਗ ਵੱਲੋਂ ਦਫ਼ਤਰ ਦੇ ਸਾਰੇ ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਐਸਡੀਐਮ ਦਾ ਦਫ਼ਤਰ ਆਪਣੀ ਇਮਾਰਤ ਨਾ ਹੋਣ ਕਰ ਕੇ ਮਾਰਕਿਟ ਕਮੇਟੀ ਦਿੜ੍ਹਬਾ ਦੇ ਦਫ਼ਤਰ ਵਿੱਚ ਹੀ ਚਲਾਇਆ ਜਾ ਰਿਹਾ ਸੀ। ਇਸ ਬਾਰੇ ਐਸਡੀਐਮ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਐਸਡੀਐਮ ਦਫ਼ਤਰ ਦੇ 10 ਅਤੇ ਮਾਰਕਿਟ ਕਮੇਟੀ ਦੇ 8 ਮੁਲਾਜ਼ਮਾਂ ਦੇ ਸੈਂਪਲ ਲਏ ਹਨ। ਇਸ ਤੋਂ ਇਲਾਵਾ ਨਾਇਬ ਤਹਿਸੀਲਦਾਰ ਸਣੇ 8 ਮੁਲਾਜ਼ਮਾਂ ਦੇ ਵੀ ਕੋਰੋਨਾ ਟੈਸਟ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨਹਿਰੂ ਯੁਵਾ ਕੇਂਦਰ ਦੇ ਇੰਚਾਰਜ ਸ਼ੁਭਮ ਗਰਗ ਨੇ ਦੱਸਿਆ ਕਿ ਸ਼ਹਿਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਐਸਡੀਐਮ ਤੋਂ ਪਹਿਲਾਂ ਸੰਗਰੂਰ ਦੇ ਸਿਵਲ ਸਰਜਨ ਤੇ ਕੁੱਝ ਪੁਲਿਸ ਅਧਿਕਾਰੀਆਂ ਦੀ ਵੀ ਕੋਰੋਨਾ ਟੈਸਟ ਰਿਪੋਰਟ ਪੌਜ਼ੀਟਿਵ ਆਈ ਸੀ। ਹੁਣ ਤੱਕ ਸ਼ਹਿਰ 'ਚ ਕੋਰੋਨਾ ਕਾਰਨ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਆਖਿਆ ਕਿ ਸਾਨੂੰ ਸਭ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਕਰਨ ਲਈ ਹਰ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ।