ਸੰਗਰੂਰ : ਮਲੇਰਕੋਟਲਾ ਤੋਂ ਸ਼ੇਰਪੁਰ ਜਾਣ ਵਾਲੀ ਇਸ ਸੜਕ ਦੀ ਹਾਲਤ ਬੇਹੱਦ ਖ਼ਸਤਾ ਹੈ। ਇਥੇ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਕਿਸੇ ਵੀ ਸਿਆਸੀ ਆਗੂ ਵੱਲੋਂ ਇਸ ਉੱਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਸਥਾਨਕ ਰਾਹਗੀਰਾਂ ਨੇ ਈਟੀਵੀ ਭਾਰਤ ਦੀ ਟੀਮ ਨੂੰ ਆਪਣੀ ਪਰੇਸ਼ਾਨੀ ਨਾਲ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਹ ਮੁੱਖ ਸੜਕ 15 ਤੋਂ 20 ਪਿੰਡਾਂ ਨੂੰ ਮਲੇਰਕੋਟਲਾ ਸ਼ਹਿਰ ਨਾਲ ਜੋੜਦੀ ਹੈ। ਬਹੁਤ ਸਾਲਾਂ ਪਹਿਲੇ ਇਹ ਸੜਕ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਤਹਿਤ ਬਣਾਈ ਗਈ ਸੀ ਪਰ ਹੁਣ ਇਸ ਸੜਕ ਦੀ ਹਾਲਤ ਬੇਹੱਦ ਖ਼ਰਾਬ ਅਤੇ ਖ਼ਸਤਾ ਹੋ ਚੁੱਕੀ ਹੈ। ਇਸ ਕਾਰਨ ਇਥੇ ਆਏ ਦਿਨ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਅਤੇ ਲੋਕ ਜ਼ਖ਼ਮੀ ਹੋ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਖ਼ਰਾਬ ਸੜਕ ਕਾਰਨ ਰੋਜ਼ਾਨਾ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਵੱਲ ਕਿਸੇ ਵੀ ਸਿਆਸੀ ਆਗੂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ।
ਲੋਕਾਂ ਨੇ ਸਿਆਸੀ ਆਗੂਆਂ ਬਾਰੇ ਕਿਹਾ ਕਿ ਨੇਤਾ ਚੋਣਾਂ ਦੌਰਾਨ ਵੋਟਾਂ ਮੰਗਣ ਲਈ ਤਾਂ ਆ ਜਾਂਦੇ ਹਨ ਪਰ ਬਾਅਦ ਵਿੱਚ ਸਾਰ ਨਹੀਂ ਲੈਂਦੇ। ਸਥਾਨਕ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਇਥੇ ਨਵੀਂ ਸੜਕ ਬਣਾਏ ਜਾਣ ਦੀ ਮੰਗ ਕੀਤੀ ਹੈ।