ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਐਫ.ਸੀ.ਆਈ. ਦੇ ਡਿਪੂ ਸੁਨਾਮ, ਜਿਲਾ ਸੰਗਰੂਰ ਵਿਖੇ ਤਾਇਨਾਤ ਤਿੰਨ ਕਰਮਚਾਰੀਆਂ ਤੇ ਉਂਨਾਂ ਦੇ ਸਾਥੀ ਇੱਕ ਆਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਇੱਕ ਤਕਨੀਕੀ ਸਹਾਇਕ, ਇੱਕ ਸਹਾਇਕ ਮੈਨੇਜਰ ਅਤੇ ਪ੍ਰਾਇਵੇਟ ਵਿਅਕਤੀ ਨੂੰ ਰਿਸ਼ਵਤ ਲੈਣ ਦੇ ਕੇਸ ਵਿਚ ਗਿ੍ਰਫਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਇਸੇ ਕੇਸ ਵਿਚ ਸ਼ਾਮਲ ਐਫ.ਸੀ.ਆਈ ਦੇ ਕੁਆਲਿਟੀ ਮੈਨੇਜਰ ਦੀ ਭਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦਸਿਆ ਕਿ ਐਫ.ਸੀ.ਆਈ ਸੁਨਾਮ ਵਿਖੇ ਤਾਇਨਾਤ ਤਕਨੀਕੀ ਸਹਾਇਕ ਓਮ ਪ੍ਰਕਾਸ਼, ਸਹਾਇਕ ਮੈਨੇਜਰ ਅਮਿਤ ਕੁਮਾਰ ਅਤੇ ਪ੍ਰਾਇਵੇਟ ਵਿਅਕਤੀ ਪਰਮਜੀਤ ਸ਼ਰਮਾ ਨੂੰ ਸ਼ਿਕਾਇਤਕਰਤਾ ਪਟਿਆਲਾ ਨਿਵਾਸੀ ਸਿਕੰਦਰਜੀਤ ਸਿੰਘ ਸ਼ਿਕਾਇਤ ਉੱਤੇ ਵਿਜੀਲੈਂਸ ਬਿਓਰੋ ਵਲੋਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਓਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਮੁਲਜ਼ਮਾਂ ਵਲੋਂ ਐਸ.ਸੀ.ਆਈ ਸੁਨਾਮ ਦੇ ਗੁਦਾਮ ਵਿਖੇ ਚੋਲਾਂ ਦੀ ਸਟੋਰੇਜ ਕਰਨ ਅਤੇ ਕੁਆਲਟੀ ਚੈਕਿੰਗ ਕਰਨ ਦੇ ਇਵਜ ਵਿਚ 25000 ਰੁਪਏ ਪ੍ਰਤੀ ਟ੍ਰਕ ਰਿਸ਼ਵਤ ਦੀ ਮੰਗ ਕੀਤੀ ਗਈ ਹੈ
ਵਿਜੀਲੈਂਸ ਵਲੋਂ ਤੱਥਾਂ ਪੜਤਾਲ ਉਪਰੰਤ ਉਕਤ ਦੋਸ਼ੀ ਤਕਨੀਕੀ ਸਲਾਹਕਾਰ ਓਮ ਪ੍ਰਕਾਸ਼ ਅਤੇ ਪ੍ਰਾਇਵੇਟ ਵਿਅਕਤੀ ਪਰਮਜੀਤ ਸ਼ਰਮਾ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 58,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਉਪਰੰਤ ਐਫ.ਸੀ.ਆਈ. ਡਿਪੂ ਦੇ ਸਹਾਇਕ ਮੈਨੇਜਰ ਅਮਿਤ ਕੁਮਾਰ ਨੂੰ ਵੀ ਸਹਿ ਦੋਸ਼ੀ ਵਜੋਂ ਗ੍ਰਿਫਤਾਰ ਕਰ ਲਿਆ। ਬੁਲਾਰੇ ਨੇ ਦੱਸਿਆ ਕਿ ਇਸੇ ਕੇਸ਼ ਵਿਚ ਸ਼ਾਮਲ ਕੁਆਲਟੀ ਮੈਨੇਜਰ ਨਰੇਸ਼ ਕੁਮਾਰ ਦੀ ਭਾਲ ਜਾਰੀ ਹੈ। ਉਕਤ ਸਾਰੇ ਦੋਸ਼ੀਆਂ ਖਿਲਾਫ ਵਿਜੀਲੈਂਸ ਬਿਉਰੋ ਦੇ ਪਟਿਆਲ਼ਾ ਸਥਿਤ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।