ਸੰਗਰੂਰ: ਕੋਰੋਨਾ ਵਾਇਰਸ ਕਾਰਨ ਸਕੂਲ ਅਤੇ ਕਾਲੇਜ ਬੰਦ ਹਨ। ਅਜਿਹੇ 'ਚ ਬੱਚਿਆਂ ਦੀ ਪੜ੍ਹਾਈ 'ਤੇ ਸਿੱਧਾ ਅਸਰ ਪੈ ਰਿਹਾ ਹੈ। ਸਕੂਲਾਂ ਵੱਲੋਂ ਬੱਚਿਆਂ ਨੂੰ ਪੜ੍ਹਾਈ ਦੇ ਨੁਕਸਾਨ ਤੋਂ ਬਚਾਉਣ ਲਈ ਆਨਲਾਈਨ ਪੜ੍ਹਾਈ ਕਰਵਾਉਣੀ ਸ਼ੁਰੂ ਕੀਤੀ ਗਈ। ਅਜਿਹੇ 'ਚ ਹੁਣ ਬੱਚਿਆਂ ਦੇ ਮਾਪਿਆਂ ਤੇ ਸਕੂਲਾਂ ਵਿਚਾਲੇ ਫੀਸਾਂ ਨੂੰ ਲੈ ਕੇ ਵਿਵਾਦ ਖੜ੍ਹਾਂ ਹੋ ਗਿਆ ਹੈ। ਧੂਰੀ ਦੇ ਵਸੰਤ ਵੈਲੀ ਸਕੂਲ ਦੇ ਬਾਹਰ ਬੱਚਿਆਂ ਦੇ ਮਾਪਿਆਂ ਨੇ ਫੀਸਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਸਕੂਲ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਬੱਚਿਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫੀਸਾਂ ਭਰਣ ਤੋਂ ਕੋਈ ਗੁਰੇਜ਼ ਨਹੀਂ ਹੈ ਪਰ ਸਕੂਲ ਜਾਇਜ਼ ਫੀਸ ਵਸੂਲ ਕਰੇ। ਉਨ੍ਹਾਂ ਦੱਸਿਆ ਕਿ ਸਕੂਲਾਂ ਵੱਲੋਂ ਪੂਰੀਆਂ ਫੀਸਾਂ ਵਸੂਲ ਕੀਤੀਆਂ ਜਾ ਰਹੀਆਂ ਹਨ। ਮਾਪਿਆਂ ਨੇ ਕਿਹਾ ਕਿ ਸਕੂਲ ਵਾਲੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੇ ਹੋਏ ਉਨ੍ਹਾਂ ਦੇ ਬੱਚਿਆਂ ਦਾ ਸਕੂਲ ਤੋਂ ਨਾਂਅ ਕੱਟ ਰਹੇ ਹਨ ਤੇ ਨਾਲ ਹੀ ਉਨ੍ਹਾਂ ਫੀਸਾਂ ਨਾ ਮਿਲਣ 'ਤੇ ਆਨਲਾਈਨ ਪੜ੍ਹਾਈ ਵੀ ਬੰਦ ਕਰ ਦਿੱਤੀ ਹੈ।
ਮਾਪਿਆਂ ਨੇ ਕਿਹਾ ਕਿ ਸਕੂਲ ਵਾਲੇ ਅਧਿਆਪਕਾਂ ਨੂੰ ਤਨਖ਼ਾਹ ਦੇਣ ਦੇ ਨਾਂਅ 'ਤੇ ਉਨ੍ਹਾਂ ਕੋਲ ਪੈਸੇ ਵਸੂਲ ਕਰ ਰਹੇ ਹਨ ਪਰ ਇਹ ਤਾਂ ਉਨ੍ਹਾਂ ਨੂੰ ਵੀ ਪੂਰੀ ਤਨਖ਼ਾਹ ਨਹੀਂ ਦੇ ਰਹੇ ਹਨ। ਮਾਪਿਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢਿਆ ਜਾਂਦਾ ਉਦੋਂ ਤੱਕ ਉਹ ਇਸ ਤਰ੍ਹਾਂ ਹੀ ਧਰਨਾ ਪ੍ਰਦਰਸ਼ਨ ਕਰਦੇ ਰਹਿਣਗੇ।
ਦੂਜੇ ਪਾਸੇ ਟੀਚਰ ਪੇਰੈਂਟਸ ਐਸੋਸੀਏਸ਼ਨ ਦੇ ਆਗੂ ਜਗਦੇਵ ਸਿੰਘ ਨੇ ਦੱਸਿਆ ਕਿ ਸਿਖਿਆ ਮੰਤਰੀ ਦੇ ਹਲਕੇ 'ਚ ਨਿਜੀ ਸਕੂਲਾਂ ਵੱਲੋਂ ਮਾਪਿਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਧੂਰੀ ਦਾ ਵਸੰਤ ਵੈਲੀ ਸਕੂਲ ਮਾਪਿਆਂ ਨੂੰ ਜਬਰੀ ਫੀਸਾਂ ਭਰਨ ਲਈ ਮਜਬੂਰ ਕਰ ਰਿਹਾ ਹੈ। ਉਨ੍ਹਾਂ ਕਿ ਜੇ ਸਰਕਾਰ ਨੇ ਜਲਦ ਹੀ ਇਸ ਬਾਰੇ ਕੋਈ ਹੱਲ ਨਹੀਂ ਕੱਢਿਆ ਤਾਂ ਉਹ ਵੱਡੇ ਪਧੱਰ 'ਤੇ ਧਰਨਾ ਪ੍ਰਦਰਸ਼ ਕਰਨ ਨੂੰ ਮਜਬੂਰ ਹੋ ਜਾਣਗੇ।