ਸੰਗਰੂਰ: ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਵੀ ਜਾਰੀ ਹੈ, ਇਸ ਦੌਰਾਨ ਕਿਸਾਨਾਂ ਨੇ ਪੰਜਾਬ ਵਿੱਚ ਕੋਲੇ ਸਮੇਤ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਾਲ ਗੱਡੀਆਂ ਨੂੰ ਲੰਘਣ ਲਈ ਆਪਣੇ ਅੰਦੋਲਨ 'ਚ ਢਿੱਲ ਦਿੱਤੀ ਹੈ। ਸੰਗਰੂਰ ਵਿੱਚ ਵੀ ਕਿਸਾਨਾਂ ਨੇ ਆਪਣੇ ਧਰਨੇ ਨੂੰ ਰੇਲ ਪੱਟੜੀਆਂ ਤੋਂ ਚੱਕ ਕੇ ਪਲੇਟਫਾਰਮ 'ਤੇ ਤਬਦੀਲ ਕਰ ਦਿੱਤਾ ਹੈ। ਇਹ ਫੈਸਲਾ ਸੰਘਰਸ਼ ਕਰ ਰਹੀਆਂ 30 ਕਿਸਾਨ ਜਥੇਬੰਦੀਆਂ ਵੱਲੋਂ ਲਿਆ ਗਿਆ ਹੈ।
ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੀ ਸ਼ਿਰਕਤ ਕਰ ਰਹੀਆਂ ਹਨ। ਇਨ੍ਹਾਂ ਕਿਸਾਨ ਬੀਬੀਆਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਹੱਕਾਂ ਦੀ ਲੜਾਈ ਲੜ ਰਹੀਆਂ ਹਨ।
ਕਿਸਾਨ ਬੀਬੀ ਰਾਜਪਾਲ ਕੌਰ ਨੇ ਕਿਹਾ ਕਿ ਇਹ ਰੇਲ ਪੱਟੜੀ ਤੋਂ ਧਰਨਾ ਇਸ ਕਰਕੇ ਚੁੱਕਿਆ ਗਿਆ ਹੈ ਕਿ ਪੰਜਾਬ 'ਚ ਜ਼ਰੂਰੀ ਵਸਤੂਆਂ ਦੀ ਸਪਾਲਈ ਜਾਰੀ ਰਹੇ। ਉਨ੍ਹਾਂ ਕਿਹਾ ਕਿ ਉਹ ਆਪਣੇ ਬਾਲ-ਬੱਚੇ ਘਰਾਂ ਵਿੱਚ ਛੱਡ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਰਹੀਆਂ ਹਨ। ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਵੱਡਾ ਕਾਰਨ ਉਨ੍ਹਾਂ ਨੂੰ ਆਪਣੀਆਂ ਅਗਲੀਆਂ ਪੀੜੀਆਂ ਦੇ ਭਵਿੱਖ ਦੀ ਚਿੰਤਾ ਹੈ, ਜੋ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਕਾਰਨ ਖ਼ਤਰੇ ਵਿੱਚ ਹੈ।
ਇਸ ਮੌਕੇ ਕਿਸਾਨ ਬੀਬੀ ਨੇ ਬੇਅੰਤ ਕੌਰ ਨੇ ਦੱਸਿਆ ਕਿ ਖਾਦ, ਕੋਲਾ ਅਤੇ ਹੋਰ ਜ਼ਰੂਰੀ ਸਮਾਨ ਲੰਘਣ ਦੇਣ ਲਈ ਰੇਲ ਪੱਟੜੀਆਂ ਤੋਂ ਧਰਨਾ ਚੱਕਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਸਵਾਰੀ ਗੱਡੀ ਨਹੀਂ ਲੰਘਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਪਣੇ ਆਖ਼ਰੀ ਸਾਹ ਤੱਕ ਉਹ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੱਧ ਜੰਗ ਜਾਰੀ ਰੱਖਣਗੀਆਂ।
ਇਸ ਮੌਕੇ ਕਿਸਾਨ ਬੀਬੀਆਂ ਨੇ ਕਿਹਾ ਕਿ ਉਹ ਇਨ੍ਹਾਂ ਖੇਤੀ ਕਾਨੂੰਨਾਂ ਵਿਰੁੁੱਧ ਆਪਣੇ ਬਾਲ-ਬੱਚੇ, ਬਜ਼ੁਰਗਾਂ ਅਤੇ ਡੱਗਰ-ਵੱਛੇ ਨੂੰ ਘਰਾਂ ਵਿੱਚ ਛੱਡ ਕੇ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।