ਮਲੇਰਕੋਟਲਾ: ਜ਼ਾਕਿਰ ਹੁਸੈਨ ਸਟੇਡੀਅਮ ਵਿੱਚ ਅੱਜ ਗਣਤੰਤਰ ਦਿਵਸ ਮਨਾਇਆ ਗਿਆ। ਗਣਤੰਤਰ ਦਿਵਸ ਮੌਕੇ ਐੱਸਡੀਐੱਮ ਮਲੇਰਕੋਟਲਾ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਗਣਤੰਤਰ ਦਿਵਸ ਦੇ ਇਸ ਸਮਾਗਮ ਤੋਂ ਬਾਅਦ ਸਟੇਡੀਅਮ ਦੇ ਗਰਾਊਂਡ ਵਿੱਚ ਗੰਦਗੀ ਫੈਲ ਗਈ। ਇਹ ਗੰਦਗੀ ਭਾਵੇਂ ਫੁੱਲਾਂ ਦੀ ਹੋਵੇ ਜਾਂ ਫਿਰ ਪਲਾਸਟਿਕ ਦੇ ਲਿਫਾਫਿਆਂ ਦੀ, ਇਹ ਸਾਰੀ ਗੰਦਗੀ ਨੂੰ ਮਲੇਰਕੋਟਲਾ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਕੇ ਝਾੜੂ ਮਾਰ ਕੇ ਸਾਫ਼ ਕੀਤੀ ਗਈ।
ਇਸ ਮੌਕੇ ਹਰ ਵਿਭਾਗ ਦੇ ਕਰਮਚਾਰੀ ਅਧਿਕਾਰੀ ਮੌਜੂਦ ਸਨ, ਪੁਲਿਸ ਦੇ ਆਲਾ ਅਧਿਕਾਰੀ ਐੱਸਪੀ ਮਨਜੀਤ ਸਿੰਘ ਬਰਾੜ ਆਪਣੇ ਪੁਲਿਸ ਮੁਲਾਜ਼ਮਾਂ ਨਾਲ ਮੌਜੂਦ ਸਨ। ਐਸਡੀਐਮ ਬਿਕਰਮਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਵੱਛ ਭਾਰਤ ਮੁਹਿੰਮ ਦੇ ਚੱਲਦਿਆਂ ਲੋਕਾਂ ਨੂੰ ਸੁਨੇਹਾ ਦੇਣ ਦੀ ਅੱਜ ਕੋਸ਼ਿਸ਼ ਕੀਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋ ਵਿਆਹ ਜਾਂ ਪਾਰਟੀਆਂ ਵਰਗੇ ਸਮਾਗਮਾਂ ਤੋਂ ਬਾਅਦ ਲੋਕ ਆਪਣਾ ਕੂੜਾ ਇਸ ਕਰਕੇ ਛੱਡ ਜਾਂਦੇ ਹਨ ਕਿ ਸਫਾਈ ਵਾਲਾ ਇਸ ਨੂੰ ਸਾਫ਼ ਕਰੇਗਾ, ਪਰ ਅਜਿਹੇ 'ਚ ਲੋਕਾਂ ਨੂੰ ਸਫ਼ਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਸਫ਼ਾਈ ਮੁਹਿੰਮ ਨੂੰ ਅੱਗੇ ਵਧਾਉਣਾ ਚਾਹੀਦਾ ਹੈ ।
ਉਧਰ ਇਸ ਮੌਕੇ ਐੱਸਪੀ ਮਨਜੀਤ ਸਿੰਘ ਬਰਾੜ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਸਫ਼ਾਈ ਦੀ ਹੈ ਜਿਵੇਂ ਆਪਾਂ ਆਪਣੇ ਸਰੀਰ ਦੀ ਸਫ਼ਾਈ ਰੱਖਦੇ ਹਾਂ ਉਸੇ ਤਰ੍ਹਾਂ ਆਪਣੇ ਆਲੇ ਦੁਆਲੇ ਦੀ ਸਫ਼ਾਈ ਵੀ ਰੱਖਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਕਿਤਾਬਾਂ ਵਿੱਚ ਵੀ ਇਹੀ ਉਪਦੇਸ਼ ਹਨ ਕਿ ਆਪਣੇ ਆਪ ਦੇ ਨਾਲ-ਨਾਲ ਆਲੇ ਦੁਆਲੇ ਦਾ ਵੀ ਧਿਆਨ ਰੱਖਦਿਆਂ ਖੁਦ ਕੂੜੇ ਨੂੰ ਸਾਫ਼ ਰੱਖੋ।