ਸੰਗਰੂਰ : ਪਰਾਲੀ ਦਾ ਧੂੰਆਂ ਜਿਥੇ ਇੱਕ ਪਾਸੇ ਸਿਹਤ ਲਈ ਨੁਕਸਾਨਦਾਇਕ ਹੈ, ਉਥੇ ਹੀ ਦੂਜੇ ਪਾਸੇ ਹੁਣ ਇਹ ਸੜਕ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਸ਼ਹਿਰ 'ਚ ਪਰਾਲੀ ਦੇ ਧੂੰਏ ਕਾਰਨ ਇੱਕ ਮਜ਼ਦੂਰ ਦੀ ਰੇਹੜੀ ਅੱਗ 'ਚ ਡਿੱਗਣ ਕਾਰਨ 5 ਲੋਕ ਝੁਲਸ ਗਏ ਅਤੇ ਇਨ੍ਹਾਂ 'ਚ 3 ਬੱਚੇ ਵੀ ਸ਼ਾਮਲ ਹਨ।
ਜਾਣਕਾਰੀ ਮੁਤਬਾਕ ਨਮੋਲ ਤੋਂ ਲੌਂਗੋਵਾਲ ਦੇ ਰਾਸਤੇ 'ਚ ਖੇਤਾਂ ਵਿੱਚ ਪਾਰਲੀ ਨੂੰ ਅੱਗ ਲਗਾਈ ਗਈ ਸੀ। ਸ਼ਾਮ ਵੇਲੇ ਇੱਕ ਮਜ਼ਦੂਰ ਆਪਣੇ ਪਰਿਵਾਰ ਨਾਲ ਸਮਾਨ ਵੇਚ ਕੇ ਮੋਟਰਸਾਈਕਲ ਰੇਹੜੀ 'ਤੇ ਘਰ ਵਾਪਿਸ ਪਰਤ ਰਿਹਾ ਸੀ। ਇਸ ਦੌਰਾਨ ਮਜ਼ਦੂਰ ਦੀਆਂ ਅੱਖਾਂ 'ਚ ਪਰਾਲੀ ਦੇ ਧੂੰਆਂ ਪੈਣ ਨਾਲ ਉਸ ਦੀਆਂ ਅੱਖਾਂ 'ਚ ਜਲਨ ਹੋਣ ਲੱਗ ਪਈ ਅਤੇ ਉਸ ਦੀ ਰੇਹੜੀ ਬੇਕਾਬੂ ਹੋ ਕੇ ਅੱਗ ਲੱਗੇ ਖੇਤ 'ਚ ਡਿੱਗ ਪਈ।
ਹਾਦਸੇ ਦੇ ਦੌਰਾਨ ਇਸ ਮੋਟਰਸਾਈਕਲ ਰੇਹੜੀ 'ਤੇ ਮਜ਼ਦੂਰ ਦੇ ਪਰਿਵਾਰ ਦੇ 6 ਲੋਕ ਸਵਾਰ ਸਨ। ਇਹ ਹਾਦਸੇ ਵਿੱਚ 5 ਲੋਕ ਝੁਲਸ ਗਏ। ਇਨ੍ਹਾਂ 'ਚ 3 ਬੱਚੇ, 1 ਔਰਤ ਵੀ ਸ਼ਾਮਲ ਹਨ। ਜ਼ਖ਼ਮੀ ਸਥਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਵਿੱਚ ਹਨ।
ਮਜ਼ਦੂਰ ਨੇ ਦੱਸਿਆ ਕਿ ਉਸ ਨੂੰ ਪਰਾਲੀ ਦੇ ਧੂੰਏ ਕਾਰਨ ਕੁਝ ਦਿਖਾਈ ਨਹੀਂ ਦਿੱਤਾ ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਹਾਦਸੇ ਵਿੱਚ ਉਸ ਦੀ ਪਤਨੀ ਸਣੇ 3 ਬੱਚੇ ਵੀ ਝੁਲਸ ਗਏ ਹਨ। ਜਿਨ੍ਹਾਂ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮਜ਼ਦੂਰ ਨੇ ਆਪਣੀ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ ਤਾਂ ਜੋ ਉਸ ਦੀ ਪਤਨੀ ਅਤੇ ਬੱਚਿਆਂ ਦਾ ਵੱਧੀਆ ਇਲਾਜ ਹੋ ਸਕੇ।