ਪਟਿਆਲਾ: ਕੁੰਵਰ ਵਿਜੇ ਪ੍ਰਤਾਪ ਬੇਅਦਬੀ ਮਾਮਲੇ ਵਿੱਚ ਨਾਭਾ ਜੇਲ੍ਹ ਵਿਖੇ ਗਏ ਸਨ।ਇਸ ਦੇ ਨਾਲ ਹੀ, ਉਨ੍ਹਾਂ ਦੀ ਬੇਅਦਬੀ ਮਾਮਲੇ ਵਿੱਚ ਮਹਿੰਦਰ ਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਬਣੀ SIT ਵਿੱਚ ਆਈ.ਜੀ ਏ.ਐੱਸ ਰਾਏ ਨਾਲ ਮੀਟਿੰਗ ਹੋਈ ਸੀ।
ਪਟਿਆਲਾ ਰੇਂਜ ਆਈ.ਜੀ ਏ.ਐੱਸ ਰਾਏ ਨੂੰ ਮਿਲਣ ਤੋਂ ਬਾਅਦ ਆਈ.ਜੀ ਕੁੰਵਰ ਵਿਜੇ ਪ੍ਰਤਾਪ ਨਾਭਾ ਜੇਲ੍ਹ ਪਹੁੰਚੇ ਸਨ। ਮੰਨਿਆ ਜਾ ਰਿਹਾ ਹੈ ਬਿੱਟੂ ਦੇ ਕਤਲ ਤੋਂ ਬਾਅਦ ਜਾਂਚ ਪ੍ਰਭਾਵਿਤ ਹੋਣ ਦੇ ਚਲਦੇ ਆਈ ਕੁੰਵਰ ਵਿਜੇ ਪ੍ਰਤਾਪ ਐਕਸ਼ਨ ਵਿੱਚ ਆਏ ਹਨ।
ਕੁੰਵਰ ਵਿਜੇ ਪ੍ਰਤਾਪ ਅੱਜ ਆਈ.ਜੀ ਪਟਿਆਲਾ ਏ.ਐੱਸ ਰਾਏ ਨਾਲ ਮੁਲਾਕਾਤ ਕਰਨ ਤੋਂ ਬਾਅਦ ਨਾਭਾ ਜੇਲ੍ਹ ਵਿੱਚ ਬੇਅਦਬੀ ਮਾਮਲੇ ਵਿੱਚ ਪੁੱਛਗਿੱਛ ਕਰਨ ਪਹੁੰਚੇ ਸੀ ਹਾਲਾਂਕਿ ਕਿ ਜਦੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਸੇ ਵੀ ਸਵਾਲ ਦਾ ਕੋਈ ਜਵਾਬ ਦੇਣਾ ਵਾਜਿਬ ਨਹੀਂ ਸਮਝਿਆ। ਉਨ੍ਹਾਂ ਦਾ ਇਹੀ ਕਹਿਣਾ ਸੀ ਕਿ ਜਾਂਚ ਤੋਂ ਬਾਅਦ ਹੀ ਸਭ ਕੁੱਝ ਦੱਸਿਆ ਜਾਵੇਗਾ, ਇਸ ਤੋਂ ਪਹਿਲਾਂ ਆਈ.ਜੀ ਏ .ਐੱਸ ਰਾਏ ਨਾਲ ਵੀ 2 ਘੰਟੇ ਦੀ ਮੀਟਿੰਗ ਕੀਤੀ ਗਈ ਸੀ।
ਜਾਪਦਾ ਹੈ ਕਿ ਪੰਜਾਬ ਪੁਲਿਸ ਦੇ ਅਧਿਕਾਰੀ ਇਨ੍ਹਾਂ ਵੱਡਿਆਂ ਮਾਮਲਿਆਂ ਵਿੱਚ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਜਦਕਿ ਇੱਕ ਦੋ ਦਿਨ ਪਹਿਲਾਂ ਇਹ ਜ਼ਰੂਰ ਕਿਹਾ ਸੀ ਕਿ ਕਤਲ ਦੀ ਗੁੱਥੀ 3 ਦਿਨ ਵਿੱਚ ਸੁਲਝਾ ਦਿੱਤੀ ਜਾਵੇਗੀ। ਫਿਲਹਾਲ ਇਹ 3 ਦਿਨ ਕੱਲ ਯਾਨੀ ਸ਼ਨੀਵਾਰ ਨੂੰ ਪੂਰੇ ਹੋ ਜਾਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਕੱਲ ਤੱਕ ਇਹ ਮਾਮਲਾ ਖੁੱਲ ਕੇ ਸਾਹਮਣੇ ਆਵੇਗਾ ਜਾਂ ਇੰਤਜ਼ਾਰ ਲੰਮਾ ਹੋਵੇਗਾ।