ਪਟਿਆਲਾ: ਪੰਜਾਬ ਸਰਕਾਰ ਵੱਲੋਂ ਗੁਆਂਢੀ ਸੂਬਿਆਂ 'ਚ ਪੰਛੀਆਂ ਸਣੇ ਪੋਲਟਰੀ ਨੂੰ ਪ੍ਰਭਾਵਤ ਕਰਨ ਵਾਲੇ ਬਰਡ ਫਲੂ ਤੋਂ ਬਚਾਅ ਦੇ ਮੱਦੇਨਜ਼ਰ ਸੂਬੇ ਨੂੰ 'ਕੰਟਰੋਲਡ ਏਰੀਆ' ਐਲਾਨਿਆ ਗਿਆ ਹੈ। ਬਰਡ ਫਲੂ ਦੇ ਖ਼ਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਵਲੋਂ ਹੋਰਨਾਂ ਸੂਬਿਆਂ ਤੋਂ ਮੀਟ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੰਜਾਬ 'ਚ ਪੋਲਟਰੀ ਤੇ ਬਿਨਾਂ ਪ੍ਰੋਸੈਸ ਵਾਲੇ ਪੋਲਟਰੀ ਮੀਟ ਸਣੇ ਜੀਵਿਤ ਪੰਛੀਆਂ ਦੇ ਆਯਾਤ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਬਰਡ ਫਲੂ ਦੇ ਖ਼ਤਰੇ ਤੇ ਇਸ ਤੋਂ ਬਚਾਅ ਸਬੰਧੀ ਪੋਲਟਰੀ ਫਾਰਮ ਪਟਿਆਲਾ ਦੇ ਐਸਿਟੈਂਟ ਡਾਇਰੈਕਟਰ ਰਵੀ ਗਾਬਾ ਨੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੋਲਟਰੀ ਫਾਰਮ ਦੀਆਂ ਮੁਰਗੀਆਂ ਤੇ ਉਨ੍ਹਾਂ ਵੱਲੋਂ ਦਿੱਤੇ ਅੰਡੇ ਖਾਣ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਅਜੇ ਤੱਕ ਪੰਜਾਬ 'ਚ ਬਰਡ ਫਲੂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੰਡੇ ਜਾਂ ਚਿਕਨ 70 ਤੋਂ 100 ਡਿਗਰੀ ਤਾਪਮਾਨ ਤੱਕ ਪਕਾ ਕੇ ਖਾਣ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਨਹੀਂ ਹੁੰਦਾ। ਉਨ੍ਹਾਂ ਲੋਕਾਂ ਨੂੰ ਬਰਡ ਫਲੂ ਸਬੰਧੀ ਅਫਵਾਹਾਂ ਤੋਂ ਬੱਚਣ ਦੀ ਅਪੀਲ ਕੀਤੀ।
ਰਵੀ ਗਾਬਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿਸ਼ਾ ਨਿਰਦੇਸ਼ ਤਹਿਤ ਪੋਲਟਰੀ ਫਾਰਮ ਤੇ ਚਿਕਨ ਦੁਕਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਸਾਫ-ਸਫਾਈ ਸਬੰਧੀ ਧਿਆਨ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।
ਪੋਲਟਰੀ ਉਤਪਾਦ ਦੀ ਸਪਲਾਈ 'ਤੇ ਲੱਗੀ ਰੋਕ
ਰਵੀ ਗਾਬਾ ਨੇ ਕਿਹਾ ਕਿ ਬਰਡ ਫਲੂ ਫੈਲਣ ਤੋਂ ਬਾਅਦ ਉੱਤਰੀ ਭਾਰਤ 'ਚ ਚਿਕਨ ਤੇ ਅੰਡੇ ਦੀ ਸਪਲਾਈ 'ਚ ਗਿਰਾਵਟ ਆਈ ਹੈ।ਇਸ 'ਚ ਰਾਜਸਥਾਨ, ਦਿੱਲੀ, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਸਭ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਬਰਡ ਫ਼ਲੂ ਕਾਰਨ ਪੋਲਟਰੀ ਉਤਪਾਦਾਂ ਦੀ ਮੰਗ ਘੱਟ ਗਈ ਹੈ ਜਿਸ ਕਾਰਨ ਸਾਰੇ ਸੂਬਿਆਂ ਨੇ ਬਾਹਰੋਂ ਉਤਪਾਦ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਹੈ।