ਪਟਿਆਲਾ: ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤੇ ਪਾਰਟੀ ਕਾਰਕੁੰਨਾਂ 'ਤੇ ਪੁਲਿਸ ਨੇ ਲਾਠੀਚਾਰਜ ਕੀਤਾ ਹੈ। ਇਸ ਲਾਠੀਚਾਰਜ ਦੌਰਾਨ ਬੈਂਸ ਸਮੇਤ ਪਾਰਟੀ ਦੇ ਕਈ ਆਗੂ ਜ਼ਖ਼ਮੀ ਵੀ ਹੋਏ ਹਨ। ਮਾਰਚ ਕਰਦੇ ਹੋਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਪਾਰਟੀ ਕਾਰਕੁੰਨ ਜਿਵੇਂ ਹੀ ਪੋਲੋ ਗਰਾਉਂਡ ਲਾਗੇ ਪਹੁੰਚੇ ਤਾਂ ਉਨ੍ਹਾਂ ਦੀ ਪੁਲਿਸ ਨਾਲ ਤਕਰਾਰ ਹੋ ਗਈ। ਪੁਲਿਸ ਨੇ ਬੈਂਸ ਭਰਾਵਾਂ ਸਮੇਤ ਪਾਰਟੀ ਦੇ ਕਾਰਕੁੰਨਾਂ 'ਤੇ ਵੇਖਦੇ ਹੀ ਵੇਖਦੇ ਅੰਨ੍ਹੇਵਾਹ ਡਾਗਾਂ ਵਰਾਉਂਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਮੌਕੇ ਬੈਂਸ ਨੇ ਕਿਹਾ ਪੁਲਿਸ ਨੇ ਬਿਨ੍ਹਾਂ ਕਿਸੇ ਚੇਤਾਵਨੀ ਹੀ ਤੁਰੇ ਜਾ ਰਹੇ ਪਾਰਟੀ ਕਾਰਕੁੰਨਾਂ 'ਤੇ ਡਾਗਾਂ ਵਰਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਕਿਹਾ ਉਨ੍ਹਾਂ ਦੀ ਪਾਰਟੀ ਸਕਾਲਰਸ਼ਿਪ ਘੁਟਾਲੇ ਵਿੱਚ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਕੈਬਿਨੇਟ ਵਿੱਚ ਬਰਖ਼ਾਸਤਗੀ ਦੀ ਮੰਗ ਕਰ ਰਹੀ ਹੈ ਅਤੇ ਇਸ ਨੂੰ ਲੈ ਕੇ ਅਸੀਂ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ।
ਬੈਂਸ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਦਲਿਤ ਬੱਚਿਆਂ ਦਾ ਪੈਸਾ ਖਾਦਾ ਹੈ। ਇਸ ਨੂੰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਧਰਮਸੋਤ ਨੂੰ ਬਰਖ਼ਾਸਤ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ। ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਕਾਰਵਾਈ ਲੋਕਤੰਤਰ ਦਾ ਘਾਣ ਹੈ। ਉਨ੍ਹਾਂ ਕਿਹਾ ਖਾਖੀ ਦੇ ਇਸ ਕਥਿਤ ਗੁਮਾਣ ਨੂੰ ਵੀ ਸਮਾਂ ਆਉਣ 'ਤੇ ਲਾਹ ਦਿੱਤਾ ਜਾਵੇਗਾ।
ਇਸ ਲਾਠੀਚਾਰਜ ਵਿੱਚ ਬੈਂਸ ਦੀਆਂ ਲੱਤਾਂ ਤੱਕ 'ਤੇ ਨੀਲ ਪੈ ਗਏ। ਪੁਲਿਸ ਨੇ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਕਾਰਕੁੰਨਾਂ ਨੂੰ ਜ਼ਬਰੀ ਚੁੱਕ ਕੇ ਪੁਲਿਸ ਦੀਆਂ ਬੱਸਾਂ ਵਿੱਚ ਸੁੱਟਿਆ। ਇਸ ਮੌਕੇ ਪਾਰਟੀ ਕਾਰਕੁੰਨਾਂ ਨੇ ਪੰਜਾਬ ਸਰਕਾਰ ਜਮ ਕੇ ਨਾਅਰੇਬਾਜ਼ੀ ਕੀਤੀ।