ਪਟਿਆਲਾ: ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ (apprentice lineman union punjab) ਦਾ 59ਵੇਂ ਦਿਨ ਵੀ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਅੱਗੇ ਧਰਨਾ ਜਾਰੀ (patiala power corporation office protest) ਹੈ। ਪਿੰਡ ਭੇਡਪੂਰਾ ਨੇੜੇ 400 ਕੇ.ਵੀ. ਬਿਜਲੀ ਲਾਈਨ ਦੇ ਟਾਵਰ ਉੱਪਰ ਬੇਰੁਜ਼ਗਾਰ ਨੌਜਵਾਨ ਚੌਥੇ ਦਿਨ ਵੀ ਡਟੇ ਹੋਏ ਹਨ। ਉਨ੍ਹਾਂ ਵੱਲੋਂ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖਿਲਾਫ਼ ਡਟ ਕੇ ਨਾਅਰੇਬਾਜ਼ੀ ਕੀਤੀ ਗਈ ਹੈ।
ਪ੍ਰਦਰਸ਼ਨ ਕਰ ਰਹੇ ਪਵਿੱਤਰ ਸਿੰਘ ਨੇ ਦੱਸਿਆ ਕਿ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ 2000 ਪੋਸਟਾਂ ਦਾ ਪੇਪਰ ਰੱਦ ਕਰਕੇ ਪਹਿਲਾਂ ਦੀ ਤਰਾਂ ਅਪ੍ਰੈਂਟਿਸ ਮੈਰਿਟ ਦੇ ਆਧਾਰ ਤੇ ਨਵੀਂ ਭਰਤੀ ਕੀਤੀ ਜਾਵੇ ਅਤੇ ਸਹਾਇਕ ਲਾਈਨਮੈਨਾਂ ਦੀ ਨਿਯੁਕਤੀ ਲਈ ਲਿਖਤੀ ਟੈਸਟ ਦੀ ਸ਼ਰਤ ਹਟਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅੱਕੇ ਅਤੇ ਥੱਕੇ ਹੋਏ ਲੋਕਾਂ ਨੇ ਰਾਜ ਸੱਤਾ ਦੀ ਵਾਗਡੋਰ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਦੇ ਦਿੱਤੀ ਜਿਨ੍ਹਾਂ ਦਾ ਨਾ ਕੋਈ ਸਿਧਾਂਤ ਹੈ ਤੇ ਨਾ ਕੋਈ ਤਜਰਬਾ ਹੈ, ਜਿਸ ਦਾ ਖਮਿਆਜ਼ਾ ਹੁਣ ਪੰਜਾਬ ਦੇ ਸਮੁੱਚੇ ਮਿਹਨਤਕਸ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦੀ ਸਚਾਈ ਉਸ ਸਮੇਂ ਸਾਹਮਣੇ ਆਈ ਜਦੋਂ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਅੱਗੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦੇ ਸਾਥੀ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਦੇ ਹੈਡ ਆਫਿਸ ਪਟਿਆਲਾ ਦੇ ਦਫ਼ਤਰ ਅੱਗੇ ਜਬਰੀ ਟੈਸਟ ਰੱਦ ਕਰਵਾਉਣ ਲਈ ਪੱਕਾ ਧਰਨਾ ਲਗਾ ਕੇ ਬੈਠੇ ਹੋਏ ਹਨ।
ਪਰ ਸਰਕਾਰ ਨੇ ਇਨ੍ਹਾਂ ਬੇਰੁਜ਼ਗਾਰ ਅਪ੍ਰੈਂਟਿਸ ਲਾਈਨਮੈਨਾਂ ਦੀ ਗੱਲ ਸੁਣਨ ਦੀ ਬਜਾਏ, ਸਗੋਂ ਸਰਕਾਰ ਨੇ ਤਸੱਦਦ ਕੀਤਾ, ਜਿਸ ਨਾਲ ਕਈ ਸਾਥੀਆਂ ਦੀਆਂ ਲੱਤਾਂ ਟੁੱਟ ਗਈਆਂ ਹਨ। ਉਨ੍ਹਾਂ ਸਰਕਾਰ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਕੀਤਾ ਕਿ ਪਹਿਲ ਦੇ ਆਧਾਰ ਤੇ ਬੇਰੁਜ਼ਗਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਕੇ ਬੇਰੁਜ਼ਗਾਰੀ ਨੂੰ ਖਤਮ ਕਰਾਂਗੇ, ਪਰ ਹੁਣ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਆਪਣੇ ਕੀਤੇ ਵਾਅਦੇ ਤੋਂ ਭੱਜ ਰਹੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹੁਣ ਸਾਡੇ ਕੋਲ ਸੰਘਰਸ਼ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈ ਕਿਉਂਕਿ ਸਰਕਾਰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਤੋਂ ਮੁਕਰ ਗਈ ਹੈ। ਇਸ ਲਈ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ, ਪਟਿਆਲਾ-ਭਵਾਨੀਗੜ੍ਹ ਰੋਡ ਤੇ ਸਥਿਤ ਪਿੰਡ ਭੇਡਪੁਰਾ ਵਿਖੇ ਛੇ ਅਪ੍ਰੈਂਟਿਸਸ਼ਿਪ ਲਾਈਨਮੈਨ ਸਾਥੀਆਂ ਨੇ ਪਾਵਰ ਕਾਰਪੋਰੇਸ਼ਨ ਦੀਆਂ ਪੋਸਟਾਂ ਵਿੱਚ ਜੋ ਜਬਰੀ ਟੈਸਟ ਰੱਖਿਆ ਗਿਆ ਉਸ ਨੂੰ ਰੱਦ ਕਰਵਾਉਣ ਲਈ ਆਪਣੀ ਜਿੰਦਗੀ ਨੂੰ ਜੋਖ਼ਮ ਵਿਚ ਪਾਉਂਦਿਆਂ 4 ਲੱਖ ਵੋਲਟੇਜ ਵਾਲੀ ਬਿਜਲੀ ਦੀ ਲਾਈਨ ਦੇ ਟਾਵਰ ਉੱਪਰ ਚੜ ਕੇ ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ, ਕਿਉਂਕਿ ਸਰਕਾਰ ਘੂਕ ਸੁੱਤੀ ਪਈ ਹੈ।
ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਨੇ ਸਾਡੀ ਗੱਲਬਾਤ ਦੇ ਰਸਤੇ ਬੰਦ ਕਰਕੇ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤਾਂ ਇਹ ਟਾਵਰ ਤੇ ਚੜੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਸਾਥੀਆਂ ਕਿਸੇ ਵੀ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ ਜਾਂ ਅਚਾਨਕ ਕੋਈ ਅਣਹੋਣੀ ਘਟਨਾ ਵਾਪਰਦੀ ਹੈ। ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਦੇ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ: ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਾ ਦਫ਼ਤਰ ਦਾ ਕੀਤਾ ਘਿਰਾਓ