ਪਟਿਆਲਾ: ਨਾਭਾ 'ਚ ਦੇਰ ਰਾਤ ਦਰਦਨਾਕ ਸੜਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇੱਕ ਟਰੈਕਟਰ ਟਰਾਲੀ ਤੇ ਐਂਬੂਲੈਂਸ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 54 ਸਾਲਾ ਤਰਲੋਕ ਸਿੰਘ ਵਜੋਂ ਹੋਈ ਹੈ। ਤਰਲੋਕ ਸਿੰਘ ਐਂਬੂਲੈਂਸ ਚਾਲਕ ਸੀ। ਮ੍ਰਿਤਕ ਦੇ ਪੁੱਤਰ ਸਾਹਿਲ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਪਿਤਾ ਨਾਲ ਇੱਕ ਮਰੀਜ਼ ਨੂੰ ਪਟਿਆਲਾ ਤੋਂ ਲੁਧਿਆਣਾ ਛੱਡਣ ਲਈ ਗਏ ਸਨ। ਉਹ ਮਰੀਜ਼ ਨੂੰ ਲੁਧਿਆਣਾ ਛੱਡ ਕੇ ਵਾਪਸ ਆਪਣੇ ਘਰ ਪਟਿਆਲਾ ਪਰਤ ਰਹੇ ਸਨ। ਜਦ ਉਹ ਨਾਭਾ ਦੇ ਸਤਸੰਗ ਭਵਨ ਨੇੜੇ ਪੁੱਜੇ ਤਾਂ ਉੱਥੇ ਗਲਤ ਪਾਸਿਓ ਤੇਜ਼ ਰਫ਼ਤਾਰ 'ਚ ਇੱਕ ਟਰੈਕਟਰ ਟਰਾਲੀ ਆ ਰਹੀ ਸੀ। ਇਸ ਦੌਰਾਨ ਟਰਾਲੀ ਚਾਲਕ ਨੇ ਐਂਬੂਲੈਂਸ 'ਚ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸ ਦੇ ਪਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਉਹ ਬਾਲ-ਬਾਲ ਬਚ ਗਿਆ। ਟੱਕਰ ਤੋਂ ਬਾਅਦ ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਉਸ ਨੇ ਇਸ ਸੰਬਧੀ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਦੇ ਪਰਿਵਾਰ ਨੇ ਮੁਲਜ਼ਮ ਚਾਲਕ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੇ ਮੌਕੇ 'ਤੇ ਪੁੱਜ ਕੇ ਮ੍ਰਿਤਕ ਦੀ ਲਾਸ਼ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਬਾਰੇ ਦੱਸਦੇ ਹੋਏ ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੜਕ ਹਾਦਸੇ ਦੀ ਸੂਚਨਾ ਮਿਲੀ ਸੀ। ਉਨ੍ਹਾਂ ਵੱਲੋਂ ਟਰਾਲੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।