ਪਟਿਆਲਾ: ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ 10 ਲੱਖ ਦੀ ਲਾਗਤ ਨਾਲ ਤਿਆਰ ਕੀਤੀਆਂ ਕਰੀਬ 90 ਰੇਹੜੀਆਂ ਲੋੜਵੰਦਾਂ ਨੂੰ ਦਿੱਤੀਆਂ ਗਈਆਂ। ਇਸ ਮੌਕੇ ਰੇਹੜੀ ਪ੍ਰਾਪਤ ਕਰਨ ਵਾਲੇ ਲੋਕਾਂ ਵਲੋਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਗਿਆ। ਰੇਹੜੀ ਪ੍ਰਾਪਤ ਕਰਨ ਵਾਲੇ ਜ਼ਰੂਰਤਮੰਦ ਦਾ ਕਹਿਣਾ ਕਿ ਸਰਕਾਰ ਵਲੋਂ ਇਹ ਜੋ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਦਾ ਕਹਿਣਾ ਕਿ ਹੁਣ ਆਸ ਹੈ ਕਿ ਉਹ ਆਪਣਾ ਸਵੈ ਰੁਜ਼ਗਾਰ ਕਰ ਸਕਣਗੇ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਉਹ ਦਿਹਾੜੀ ਕਰਦੇ ਸੀ, ਜਿਸ ਕਾਰਨ ਘੱਟ ਮਿਹਨਤ ਮਿਲਦੀ ਸੀ, ਹੁਣ ਉਹ ਸਵੈ ਰੁਜ਼ਗਾਰ ਨਾਲ ਵੱਧ ਕਮਾਈ ਕਰ ਸਕਦੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਸੀਂ 10 ਲੱਖ ਦੀ ਲਾਗਤ ਨਾਲ 90 ਦੇ ਕਰੀਬ ਰੇਹੜੀਆਂ ਗ਼ਰੀਬ ਪਰਿਵਾਰਾਂ ਨੂੰ ਦਿੱਤੀਆਂ ਹਨ ਤਾਂ ਕਿ ਇਹ ਰੋਜ਼ੀ ਰੋਟੀ ਕਮਾ ਸਕਣ। ਇਸ ਮੌਕੇ SIT ਵਲੋਂ ਬਾਦਲਾਂ ਨੂੰ ਤਲਬ ਕਰਨ 'ਤੇ ਉਨ੍ਹਾਂ ਕਿਹਾ ਕਿ ਕਾਨੂੰਨ ਸਭ ਲਈ ਇੱਕ ਹੈ। ਉਨ੍ਹਾਂ ਦਾ ਕਹਿਣਾ ਕਿ ਕਨੂੰਨ ਨਾ ਤਾਂ ਬਾਦਲ ਪਰਿਵਾਰ ਦਾ ਹੈ ਅਤੇ ਨਾ ਹੀ ਗਾਂਧੀ ਪਰਿਵਾਰ ਦਾ ਹੈ। ਉਨ੍ਹਾਂ ਕਿਹਾ ਕਿ ਅਦਾਲਤਾਂ ਆਪਣਾ ਕੰਮ ਕਰਦੀਆਂ ਹਨ ਅਤੇ ਸਰਕਾਰਾਂ ਆਪਣਾ ਕੰਮ ਕਰਦੀਆਂ ਹਨ। ਇਸ ਦੇ ਨਾਲ ਹੀ SIT ਮੈਂਬਰ ਵਲੋਂ ਅਸਤੀਫ਼ਾ ਦੇਣ ਤੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਆਪਣੇ ਕੰਮ ਤੋਂ ਭੱਜਣਾ ਨਹੀਂ ਚਾਹੀਦਾ।
ਆਮ ਆਦਮੀ ਪਾਰਟੀ ਬਾਰੇ ਬੋਲਦਿਆਂ ਉਂਨ੍ਹਾਂ ਕਿਹਾ ਕਿ ਇਹ ਪਾਰਟੀ ਪੰਜਾਬ ਨੂੰ ਲੁੱਟਣ ਦੇ ਮਨਸੂਬੇ ਬਣਾ ਰਹੀ ਹੈ। ਉਨ੍ਹਾਂ ਦਾ ਕਹਿਣਾ ਕਿ 'ਆਪ' ਵਲੋਂ ਪੈਸੇ ਲੇਕੇ ਟਿਕਟਾਂ ਦੀ ਵੰਡ ਕੀਤੀ ਗਈ ਸੀ, ਜੋ ਇਸ ਵਾਰ ਵੀ ਹੋਵੇਗੀ। ਵੱਧ ਰਹੀ ਮਹਿੰਗਾਈ 'ਤੇ ਉਨ੍ਹਾਂ ਦਾ ਕਹਿਣਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ 'ਤੇ ਤੁਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਮਹਿੰਗਾਈ 'ਤੇ ਠੱਲ ਪਾਉਣ ਦੀ ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਕਿ ਕਿਸਾਨਾਂ ਨੂੰ ਬਾਰਡਰਾਂ 'ਤੇ ਬੈਠਿਆਂ ਸੱਤ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ , ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ:ਅਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਜੂਝ ਰਿਹਾ ਸ਼ਹਿਰ ਬਰਨਾਲਾ