ਪਟਿਆਲਾ: ਸਨੌਰ ਰੋਡ ਸਥਿਤ ਸਬਜ਼ੀ ਮੰਡੀ ਵਿਖੇ 12 ਅਪ੍ਰੈਲ ਨੂੰ ਸਵੇਰੇ ਪੁਲਿਸ ਪਾਰਟੀ ਉੱਤੇ ਕੀਤੇ ਜਾਨਲੇਵਾ ਹਮਲੇ ਦੇ ਮਾਮਲੇ ‘ਚ ਅਹਿਮ ਫੈਸਲਾ ਲੈਂਦਿਆਂ ਪੁਲਿਸ ਨੇ ਹਮਦਰਦੀ ਤੇ ਮਾਨਵਤਾ ਪੱਖੀ ਰਵੱਈਆ ਅਪਣਾਉਂਦਿਆਂ ਇੱਕ ਮਹਿਲਾ ਸਮੇਤ 4 ਮੁਲਜ਼ਮਾਂ ਨੂੰ ਅਦਾਲਤ ਵਿੱਚੋਂ ਰਿਹਾਅ ਕਰਵਾਇਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੁਲਿਸ ਨੇ ਉਕਤ ਮਾਮਲੇ 'ਚ ਸਾਰੇ ਮੁਲਜ਼ਮਾਂ ਦੀ ਵਿਅਕਤੀਗਤ ਭੂਮਿਕਾ ਦੀ ਡੁੰਘਾਈ ਨਾਲ ਪੜਤਾਲ ਕਰਵਾ ਕੇ ਇਹ ਅਹਿਮ ਫ਼ੈਸਲਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਕੀ ਮੁਲਜ਼ਮਾਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਜਾਰੀ ਰਹੇਗੀ।
ਸਿੱਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਸ ਮਾਮਲੇ ਵਿੱਚ ਸੁਖਪ੍ਰੀਤ ਕੌਰ, ਜਸਵੰਤ ਸਿੰਘ, ਦਰਸ਼ਨ ਸਿੰਘ ਤੇ ਨੰਨਾ ਦੀ ਤੱਥਾਂ ਦੇ ਅਧਾਰ ‘ਤੇ ਘੱਟ ਭੂਮਿਕਾ ਸਾਹਮਣੇ ਆਈ ਹੈ। ਇਸ ਤਹਿਤ ਪੁਲਿਸ ਨੇ ਮਾਨਵਤਾ ਦੇ ਪੱਖ 'ਤੇ ਹਮਦਰਦੀ ਵਾਲਾ ਰਵੱਈਆ ਰੱਖਦਿਆਂ ਹੋਇਆਂ ਇਨ੍ਹਾਂ 4 ਵਿਅਕਤੀਆਂ ਨੂੰ ਪੁਲਿਸ ਹਿਰਾਸਤ ਵਿੱਚੋਂ ਰਿਹਾਅ ਕਰਨ ਲਈ ਇੱਕ ਅਰਜ਼ੀ ਅਦਾਲਤ ਵਿੱਚ ਪੇਸ਼ ਕੀਤੀ ਸੀ। ਇਸ ਦੇ ਆਧਾਰ ‘ਤੇ ਮਾਣਯੋਗ ਅਦਾਲਤ ਜੇ.ਐਮ.ਆਈ.ਸੀ. ਪਟਿਆਲਾ ਨੇ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਪਾਰਟੀ ‘ਤੇ ਹਮਲਾ ਕਰਨ ਵਾਲੇ 11 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਡੇਰੇ ਵਿੱਚੋਂ ਉਨ੍ਹਾਂ ਵੱਲੋ ਵਰਤਿਆ ਗਿਆ ਅਸਲਾ, ਪੈਟਰੋਲ ਬੰਬ, ਤਲਵਾਰਾਂ, ਗੈਸ ਸਿਲੰਡਰ ਬਰਾਮਦ ਹੋਏ ਸਨ। ਦੱਸ ਦਈਏ ਪੁਲਿਸ ਪਾਰਟੀ 'ਤੇ ਕੀਤੇ ਇਸ ਹਮਲੇ ਵਿੱਚ ਇੱਕ ਏਐਸਆਈ ਦਾ ਹੱਥ ਵੱਡਿਆ ਗਿਆ ਸੀ।