ਲੁਧਿਆਣਾ : ਉੱਤਰ ਭਾਰਤ 'ਚ ਸਰਦੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਵਿਸ਼ਵ ਭਰ 'ਚ ਗਰਮ ਕੱਪੜਿਆਂ ਲਈ ਮਸ਼ਹੂਰ ਹੈ। ਪਹਾੜਾਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਸਰਦੀਆਂ ਦਾ ਆਗਾਜ਼ ਹੋਣ ਨਾਲ ਹੁਣ ਗਰਮ ਕੱਪੜਿਆਂ ਦੀ ਡਿਮਾਂਡ ਵਧਣ ਲੱਗੀ ਹੈ।
ਜੰਮੂ ਕਸ਼ਮੀਰ ਵਿੱਚੋਂ 370 ਧਾਰਾ ਹਟਾਏ ਜਾਣ ਤੋਂ ਬਾਅਦ ਹੁਣ ਹੋਰਨਾਂ ਸੂਬਿਆਂ ਨਾਲ ਉਸ ਦਾ ਵਪਾਰ ਵੀ ਵਧਣ ਲੱਗਾ ਹੈ। ਖ਼ਾਸ ਤੌਰ 'ਤੇ ਲੁਧਿਆਣਾ ਤੋਂ ਵੱਡੀ ਤਦਾਦ 'ਚ ਗਰਮ ਕੱਪੜੇ ਜੰਮੂ ਕਸ਼ਮੀਰ ਜਾਂਦੇ ਹਨ, ਜਿਸ ਨਾਲ ਹੁਣ ਲੁਧਿਆਣਾ ਦੇ ਹੌਜ਼ਰੀ ਕਾਰੋਬਾਰੀ ਬਾਗੋਬਾਗ਼ ਹਨ।
ਲੁਧਿਆਣਾ ਨਿੱਟਵੀਅਰ ਦੇ ਪ੍ਰਧਾਨ ਅਤੇ ਨਿਟਵੇਅਰ ਗਾਰਮੈਂਟਸ ਕਲੱਬ ਦੇ ਚੇਅਰਮੈਨ ਵਿਨੋਦ ਥਾਪਰ ਨੇ ਦੱਸਿਆ ਕਿ ਹੌਜ਼ਰੀ ਇੰਡਸਟਰੀ ਮੁੜ ਤੋਂ ਲੀਹ 'ਤੇ ਆ ਗਈ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚੋਂ 370 ਧਾਰਾ ਹਟਾਏ ਜਾਣ ਤੋਂ ਬਾਅਦ ਹੁਣ ਵਪਾਰ 'ਤੇ ਵੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜੰਮੂ ਕਸ਼ਮੀਰ ਤੋਂ ਵਪਾਰੀ ਲੁਧਿਆਣੇ ਆ ਰਹੇ ਹਨ ਅਤੇ ਵੱਡੀ ਤਦਾਦ 'ਚ ਮਾਲ ਆਰਡਰ ਕਰ ਰਹੇ ਹਨ।
ਦੂਜੇ ਪਾਸੇ ਰਿਟੇਲ ਕਾਰੋਬਾਰੀਆਂ ਨੇ ਵੀ ਦੱਸਿਆ ਕਿ ਬਾਜ਼ਾਰਾਂ ਵਿੱਚ ਹੁਣ ਰੌਣਕਾਂ ਪਰਤਣ ਲੱਗੀਆਂ ਹਨ ਅਤੇ ਸਰਦੀਆਂ ਸਮੇਂ ਸਿਰ ਸ਼ੁਰੂ ਹੋਣ ਕਾਰਨ ਹੌਜ਼ਰੀ ਇੰਡਸਟਰੀ ਵੱਧ ਫੁੱਲ ਰਹੀ ਹੈ।