ਲੁਧਿਆਣਾ: ਅੱਜ ਤੋਂ ਪਲਾਸਟਿਕ ਦੀ ਵਰਤੋਂ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਸਰਕਾਰ ਵੱਲੋਂ ਬਕਾਇਦਾ ਨੋਟਿਸ ਜਾਰੀ ਕੀਤਾ ਗਿਆ ਹੈ। ਉੱਥੇ ਹੀ ਲੁਧਿਆਣਾ ’ਚ ਦੁਕਾਨਦਾਰਾਂ ਅਤੇ ਹੋਲਸੇਲਰਾਂ ਦੀ ਮਿਲੀਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਜਿੱਥੇ ਛੋਟੇ ਦੁਕਾਨਦਾਰਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ ਉੱਥੇ ਹੀ ਦੂਜੇ ਪਾਸੇ ਪਲਾਸਟਿਕ ਦੇ ਹੋਲਸੇਲਰਾਂ ਨੇ ਇਸ ਨੂੰ ਗ਼ਲਤ ਕਰਾਰ ਦਿੱਤਾ।
ਸਰਕਾਰ ਦੇ ਇਸ ਫੈਸਲੇ ’ਤੇ ਹੋਲਸੇਲਰਾਂ ਨੇ ਸਰਕਾਰ ਖਿਲਾਫ ਨਾਰਾਜ਼ਗੀ ਜਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਨਾਲ ਵੱਡਾ ਨੁਕਸਾਨ ਹੋਵੇਗਾ ਅਤੇ ਸਰਕਾਰ ਵੀ ਮੁਕੰਮਲ ਪਾਬੰਦੀ ਲਾਉਣ ਤੋਂ ਪਹਿਲਾਂ ਇਸ ਦਾ ਬਦਲ ਲੱਭਣਾ ਚਾਹੀਦਾ ਸੀ, ਉਸ ਤੋਂ ਬਾਅਦ ਹੀ ਲਿਫਾਫਿਆਂ ’ਤੇ ਪਾਬੰਦੀ ਲਾਉਣੀ ਚਾਹੀਦੀ ਸੀ।
ਹੋਲਸੇਲਰਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਨਾਲ ਸਰਕਾਰ ਨੇ ਇੱਕ ਵਾਰ ਵੀ ਸਲਾਹ ਨਹੀਂ ਕੀਤੀ ਸਗੋਂ ਆਪਣਾ ਆਰਡਰ ਸਾਡੇ ’ਤੇ ਥੋਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਦੀ ਆਦਤ ਬੰਦ ਕਰਵਾਉਣੀ ਪਵੇਗੀ ਜੋ ਖ਼ੁਦ ਆ ਕੇ ਲਿਫ਼ਾਫ਼ੇ ਦੀ ਮੰਗ ਕਰਦੇ ਹਨ। ਉੱਥੇ ਉਨ੍ਹਾਂ ਨੇ ਕਿਹਾ ਕਿ ਇਸ ਦਾ ਬਦਲ ਵੀ ਸਰਕਾਰ ਨੂੰ ਪਹਿਲਾਂ ਦੇਣਾ ਚਾਹੁੰਦਾ ਸੀ।
ਉੱਥੇ ਹੀ ਦੂਜੇ ਪਾਸੇ ਛੋਟੇ ਦੁਕਾਨਦਾਰਾਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲਿਫ਼ਾਫ਼ਿਆਂ ਦਾ ਖਰਚਾ ਪੈਂਦਾ ਸੀ, ਹੁਣ ਇਸ ਤੋਂ ਛੁਟਕਾਰਾ ਮਿਲੇਗਾ ਅਤੇ ਲੋਕਾਂ ਨੂੰ ਆਦਤ ਪਵੇਗੀ ਅਤੇ ਉਹ ਆਪਣੇ ਘਰੋਂ ਹੀ ਝੋਲਾ ਲੈ ਕੇ ਆਉਣਗੇ ਅਤੇ ਪ੍ਰਦੂਸ਼ਣ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਕਿਹਾ ਇਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਚੰਗਾ ਕਦਮ ਹੈ।
ਦੱਸ ਦਈਏ ਕਿ ਪਲਾਸਟਿਕ ਕਚਰਾ ਪ੍ਰਬੰਧਨ ਦੇ ਤਹਿਤ 19 ਵਸਤਾਂ ਤੇ ਪਾਬੰਧੀ ਲਾਈ ਗਈ ਹੈ ਜਿਸ ਚ ਥਰਮਾਕੋਲ ਨਾਲ ਬਣੀ ਪਲੇਟਾਂ, ਕਪ, ਗਿਲਾਸ, ਚਮਚੇ, ਚਾਕੂ, ਟਰੇ, ਮਿਠਾਈ ਦੇ ਡਬਿਆਂ ਨੂੰ ਪੈਕ ਕਰਨ ਵਾਲੇ ਲਿਫਾਫੇ, ਇਨਵੀਟੇਸ਼ਨ ਕਾਰਡ, ਪਲਾਸਟਿਕ ਦੇ ਝੰਡੇ, ਗੁਬਾਰੇ, ਆਈਸਕ੍ਰੀਮ ਵਾਲੀ ਸਟੀਕ ਤੇ 100 ਮਾਇਕਰੋਨ ਤੋਂ ਹੇਠਾਂ ਦੇ ਬੈਨਰ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਪਲਾਸਟਿਕ ਲਿਫਾਫਿਆਂ ਦੀ ਮੌਜੂਦਾ ਮੋਟਾਈ ਨੂੰ ਵੀ 75 ਮਾਇਕਰੋਨ ਤੋਂ ਵਧਾ ਕੇ 120 ਕਰਨ ਦਾ ਫੈਸਲਾ ਲਿਆ ਗਿਆ ਹੈ।
ਇਹ ਵੀ ਪੜੋ: ਬਰਨਾਲਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ, ਇੱਕ ਮੌਤ