ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਏਸ਼ੀਆ ਦੀ ਸਭ ਤੋਂ ਵੱਡੀ ਯੂਨਾਈਟਿਡ ਸਾਈਕਲ ਪਾਰਟਸ ਐਸੋਸੀਏਸ਼ਨ ਦੀ ਜਨਰਲ ਮੀਟਿੰਗ 'ਚ ਜੰਮ ਕੇ ਹੰਗਾਮਾ ਹੋਇਆ। ਇਸ ਦੌਰਾਨ ਯੂ.ਸੀ.ਪੀ.ਐਮ.ਏ ਦੇ ਮੌਜੂਦਾ ਪ੍ਰਧਾਨ ਜੀ. ਐਸ ਚਾਵਲਾ ਦੀ ਪੱਗ ਵੀ ਉਤਾਰ ਦਿੱਤੀ ਗਈ। ਹਾਲਾਂਕਿ ਯੂ.ਸੀ.ਪੀ.ਐਮ.ਏ ਦੀਆਂ ਚੋਣਾਂ ਜਲਦ ਹੀ ਹੋਣ ਵਾਲੀਆਂ ਨੇ ਅਤੇ ਇਹ ਸਾਲਾਨਾ ਜਨਰਲ ਮੀਟਿੰਗ ਮੌਜੂਦਾ ਪ੍ਰਧਾਨ ਦੇ ਕਾਰਜਕਾਲ ਦੀ ਆਖਰੀ ਮੀਟਿੰਗ ਸੀ। ਜਿਸ ਨੂੰ ਲੈ ਕੇ ਹੰਗਾਮੇ ਦੇ ਪਹਿਲਾਂ ਹੀ ਅਸਾਰ ਲਗਾਏ ਜਾ ਰਹੇ ਸਨ।
ਦੱਸ ਦਈਏ ਕਿ ਇਸ ਬੈਠਕ ਵਿੱਚ ਪੁਰਾਣੇ ਬਕਾਇਆ ਬਿੱਲਾਂ ਅਤੇ ਨਵੇਂ ਬਿੱਲਾਂ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ। ਜਿਸ ਤੋਂ ਬਾਅਦ ਯੂ.ਸੀ.ਪੀ.ਐਮ.ਏ ਦੇ ਹੀ ਕੁਝ ਵਿਰੋਧੀ ਮੈਂਬਰਾਂ ਵੱਲੋਂ ਮੌਜੂਦਾ ਪ੍ਰਧਾਨ ਡੀ. ਐਸ ਚਾਵਲਾ ਨੂੰ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਪੱਗ ਲੱਥ ਗਈ।
ਇਸ ਸਬੰਧੀ ਮੌਜੂਦਾ ਪ੍ਰਧਾਨ ਡੀ. ਐਸ ਚਾਵਲਾ ਨੇ ਕਿਹਾ ਕਿ ਉਨ੍ਹਾਂ ਦੀ ਪੱਗ ਉਤਾਰਨ ਵਾਲਿਆਂ 'ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਧੱਕਾ ਮਾਰਿਆ ਉਹ ਬਾਹਰੋਂ ਬੁਲਾਏ ਹੋਏ ਸਨ ਅਤੇ ਪਹਿਲਾਂ ਹੀ ਵਿਰੋਧੀ ਧਿਰ ਚਾਹੁੰਦੀ ਸੀ ਕਿ ਉਨ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ।
ਜਦੋਂ ਕਿ ਦੂਜੀ ਧਿਰ ਦੇ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਡੀ. ਐਸ ਚਾਵਲਾ ਦਾ ਪੈਰ ਅਟਕ ਜਾਣ ਕਾਰਨ ਉਹ ਹੇਠਾਂ ਡਿੱਗੇ ਹਨ ਅਤੇ ਹੇਠਾਂ ਡਿੱਗਣ ਕਰਕੇ ਉਨ੍ਹਾਂ ਦੀ ਪੱਗ ਲੱਥੀ ਹੈ। ਉਨ੍ਹਾਂ 'ਤੇ ਕਿਸੇ ਨੇ ਹਮਲਾ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਸਗੋਂ ਮੌਜੂਦਾ ਪ੍ਰਧਾਨ ਵੱਲੋਂ ਯੂ.ਸੀ.ਪੀ.ਐਮ.ਏ ਦੇ ਮੈਂਬਰਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੈਂਬਰਾਂ ਨੂੰ ਬਾਹਰ ਛੱਡ ਕੇ ਤਾਲਾ ਜੜ ਦਿੱਤਾ ਗਿਆ ਸੀ।
ਉਧਰ ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪੁਲਿਸ ਨੂੰ ਸੱਦਿਆ ਗਿਆ।ਇਸ ਸਬੰਧੀ ਏਸੀਪੀ ਰਣਦੀਪ ਸਿੰਘ ਨੇ ਕਿਹਾ ਕਿ ਜੋ ਵੀ ਹੋਇਆ, ਉਸ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਕਸੂਰਵਾਰ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਕੁੱਟਮਾਰ ਦੀ ਜੋ ਵੀਡੀਓ ਹੈ ਹਾਸਿਲ ਕਰ ਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੱਗ ਉਤਾਰਨੀ ਤਾਂ ਦੂਰ ਦੀ ਗੱਲ ਕਿਸੇ ਨੂੰ ਹੱਥ ਲਾਉਣਾ ਵੀ ਜੁਰਮ ਹੈ।
ਇਹ ਵੀ ਪੜ੍ਹੋ:ਜਨਮਦਿਨ ਦੀ ਪਾਰਟੀ 'ਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ