ਲੁਧਿਆਣਾ: ਦੋਰਾਹਾ ਵਿਖੇ ਧਾਗਾ ਫੈਕਟਰੀ 'ਚ ਭਿਆਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ। ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ ਲਈ ਲੁਧਿਆਣਾ ਜ਼ਿਲ੍ਹੇ ਦੇ 7 ਫਾਇਰ ਬ੍ਰਿਗੇਡ ਸਟੇਸ਼ਨਾਂ ਤੋਂ ਗੱਡੀਆਂ ਮੰਗਵਾਉਣੀਆਂ ਪਈਆਂ।
ਫਿਲਹਾਲ ਖ਼ਬਰ ਲਿਖੇ ਜਾਣ ਤੱਕ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਪਾਇਲ ਦੇ ਐੱਸ. ਡੀ. ਐੱਮ. ਦੀਪ ਜੋਤ ਕੌਰ ਨੇ ਦੱਸਿਆ ਕਿ ਅੱਗ ਕਾਫੀ ਭਿਆਨਕ ਲੱਗੀ ਸੀ, ਜਿਸ ਨੂੰ ਤੇਜ਼ੀ ਨਾਲ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ।
ਫਿਲਹਾਲ ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਫੈਕਟਰੀ ਪ੍ਰਬੰਧਕਾਂ ਵੱਲੋਂ ਅੱਗ ਬੁਝਾਉਣ ਲਈ ਪੂਰੇ ਯੰਤਰ ਨਾ ਰੱਖਣ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਐੱਸ. ਡੀ. ਐੱਮ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ।