ਲੁਧਿਆਣਾ: ਨਗਰ ਨਿਗਮ ਲੁਧਿਆਣਾ ਅਕਸਰ ਹੀ ਵਿਵਾਦਾਂ 'ਚ ਘਿਰਿਆ ਰਹਿੰਦਾ ਹੈ। ਤਾਜਾ ਮਾਮਲਾ ਬਾੜੇਵਾਲ ਮੇਨ ਰੋਡ ਸਮੇਤ ਵਾਰਡ ਨੰਬਰ 74, 83,79, 77 ਵਿੱਚ ਸਾਹਮਣੇ ਆਇਆ ਹੈ ਜਿੱਥੋਂ ਦੇ ਕੌਂਸਲਰਾਂ ਨੇ ਇਕੱਠੇ ਹੋ ਕੇ ਸਟ੍ਰੀਟ ਲਾਈਟਾਂ ਲਾਉਣ ਵਾਲੀ ਕੰਪਨੀ ਦੇ ਇੰਜੀਨੀਅਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਵਾਰਡ ਨੰਬਰ 74 ਦੇ ਕਾਂਗਰਸ ਦੇ ਹੀ ਕੌਂਸਲਰ ਪੰਕਜ ਕਾਕਾ ਨੇ ਦੱਸਿਆ ਕਿ ਸਟਰੀਟ 'ਤੇ ਲੱਗੀਆਂ 250 ਲਾਈਟਾਂ ਦੇ ਪੁਆਇੰਟ ਬੀਤੇ ਕਈ ਦਿਨਾਂ ਤੋਂ ਬੰਦ ਹਨ। ਜਿਸ ਕਰਕੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸ਼ਿਕਾਇਤ ਲੋਕ ਕੌਂਸਲਰ ਨੂੰ ਆ ਕੇ ਕਰ ਰਹੇ ਹਨ ਅਤੇ ਆਪਣੀ ਭੜਾਸ ਵੀ ਕੌਂਸਲਰਾਂ 'ਤੇ ਹੀ ਕੱਢ ਰਹੇ ਹਨ, ਜਦੋਂ ਕਿ ਨਗਰ ਨਿਗਮ ਨੇ ਇਸ ਦਾ ਠੇਕਾ ਇੱਕ ਨਿੱਜੀ ਕੰਪਨੀ ਨੂੰ ਦਿੱਤਾ ਹੋਇਆ ਹੈ ਜਿਨ੍ਹਾਂ ਨੂੰ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਹਾਲੇ ਤੱਕ ਲਾਈਟਾਂ ਚਾਲੂ ਨਹੀਂ ਕੀਤੀਆਂ ਗਈਆਂ।
ਇਸ ਦੌਰਾਨ ਕੌਂਸਲਰ ਦੀ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਬਹਿਸ ਹੋਈ। ਜਿਸ ਤੋਂ ਬਾਅਦ ਕੰਪਨੀ ਦੇ ਅਧਿਕਾਰੀਆਂ ਨੇ ਜਲਦ ਲਾਈਟਾਂ ਨੂੰ ਸ਼ੁਰੂ ਕਰਵਾਉਣ ਦਾ ਭਰੋਸਾ ਦੇ ਕੇ ਕੌਂਸਲਰ ਨੂੰ ਸ਼ਾਂਤ ਕਰਵਾਇਆ।