ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਇੱਕ ਵਾਰ ਮੁੜ ਤੋਂ ਸੋਸ਼ਲ ਮੀਡੀਆ 'ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ।
ਬੈਂਸ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਡੇਅਰੀ ਫਾਰਮਿੰਗ ਕਿਸਾਨਾਂ ਨੂੰ ਵੱਡਾ ਚੂਨਾ ਲਾ ਰਹੀ ਹੈ। ਸਰਕਾਰ ਕਿਸਾਨਾਂ ਪਾਸਿਓਂ ਸਸਤਾ ਦੁੱਧ ਖ਼ਰੀਦ ਕੇ ਲੋਕਾਂ ਨੂੰ ਮਹਿੰਗੇ ਰੇਟ 'ਤੇ ਵੇਚ ਰਹੀ ਹੈ। ਬੈਂਸ ਨੇ ਆਖਿਆ ਕਿ ਸਰਕਾਰ ਜੇਕਰ ਡੇਅਰੀ ਫਾਰਮਰਾਂ ਵੱਲੋਂ ਸਸਤਾ ਦੁੱਧ ਖ਼ਰੀਦ ਰਹੀ ਹੈ ਤਾਂ ਇਹ ਲੋਕਾਂ ਨੂੰ ਵੀ ਸਸਤੇ ਰੇਟ 'ਤੇ ਵੇਚਿਆ ਜਾਣਾ ਚਾਹੀਦਾ ਹੈ, ਜੇਕਰ ਦੁੱਧ ਮਹਿੰਗਾ ਵੇਚਿਆ ਜਾ ਰਿਹਾ ਹੈ ਤਾਂ ਕਿਸਾਨਾਂ ਨੂੰ ਵੀ ਇਸ ਦਾ ਲਾਭ ਮਿਲਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨਾਲ ਉਨ੍ਹਾਂ ਹਮਦਰਦੀ ਜਤਾਈ ਅਤੇ ਕੈਪਟਨ ਸਰਕਾਰ 'ਤੇ ਨਿਸ਼ਾਨੇ ਵਿੰਨ੍ਹੇ।
ਸਿਮਰਜੀਤ ਬੈਂਸ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ 'ਚ ਸ਼ਰਧਾਲੂ ਚੰਗਾ ਭਲਾ ਆਪਣਾ ਸਮਾਂ ਬਤੀਤ ਕਰ ਰਹੇ ਸਨ ਪਰ ਪੰਜਾਬ ਆਉਂਦਿਆਂ ਹੀ ਉਨ੍ਹਾਂ 'ਤੇ ਇਨ੍ਹੀ ਵੱਡੀ ਮੁਸੀਬਤ ਆਉਣ ਬਾਰੇ ਉਹ ਬਿਲਕੁੱਲ ਅੰਜਾਨ ਸਨ। ਬੈਂਸ ਨੇ ਕਿਹਾ ਕਿ ਸ਼ਰਧਾਲੂ ਫੋਨ ਕਰਕੇ ਆਪਣੀ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾ ਰਹੇ ਹਨ।
ਉਨ੍ਹਾਂ ਕੈਪਟਨ ਸਰਕਾਰ ਉੱਤੇ ਅਕਾਲੀਆਂ ਦੀ ਤਰਜ਼ ਤੇ ਲੋਕਾਂ ਦੀ ਲੁੱਟ ਖਸੁੱਟ ਕਰਨ ਦੇ ਦੋਸ਼ ਲਾਏ ਹਨ। ਬੈਂਸ ਨੇ ਕੈਪਟਨ ਸਰਕਾਰ ਉੱਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਮਨਪ੍ਰੀਤ ਬਾਦਲ ਹੀ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਸਰਕਾਰ ਨੇ ਕਰੋੜਾਂ ਦਾ ਘੋਟਾਲਾ ਕੀਤਾ ਹੈ ਤਾਂ ਮੌਜੂਦਾ ਸਰਕਾਰ ਇਸ 'ਤੇ ਕਾਰਵਾਈ ਕਿਉਂ ਨਹੀਂ ਕਰ ਸਕਦੀ। ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਰਸਿੰਗ ਸਟਾਫ਼ ਅਤੇ ਆਸ਼ਾ ਵਰਕਰਾਂ ਦੇ ਹੱਕ ਵਿੱਚ ਵੀ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਹੈ ਤਾਂ ਜੋ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਦਵਾਇਆ ਜਾਵੇ।