ਲੁਧਿਆਣਾ: ਅਕਾਲੀ ਦਲ ਵੱਲੋਂ ਪਹਿਲਾਂ ਭਾਜਪਾ ਨਾਲ ਦਿੱਲੀ 'ਚ ਗਠਜੋੜ ਤੋੜਨ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ ਤੇ ਮੁੜ ਦਿੱਲੀ 'ਚ ਹੀ ਭਾਜਪਾ ਨੂੰ ਬਿਨਾਂ ਕਿਸੇ ਸ਼ਰਤ ਸਮਰਥਨ ਦੇਣ ਦੇ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਅਕਾਲੀ ਦਲ 'ਤੇ ਲਗਾਤਾਰ ਵਿਰੋਧੀਆਂ ਵੱਲੋਂ ਸਿਆਸੀ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ। ਇਸ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਹੁਣ ਥੁੱਕ ਕੇ ਚੱਟ ਲਿਆ ਹੈ।
ਸਿਮਰਜੀਤ ਬੈਂਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਆਖਿਆ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਦਿੱਲੀ 'ਚ ਗਠਜੋੜ ਟੁੱਟਣ ਦਾ ਕਾਰਨ ਸੀਏਏ ਦਾ ਵਿਰੋਧ ਕਰਨਾ ਦੱਸਿਆ ਸੀ। ਉਨ੍ਹਾਂ ਨੇ ਦਿੱਲੀ 'ਚ ਭਾਜਪਾ ਪਾਰਟੀ ਦਾ ਸਾਥ ਛੱਡਣ ਦੀ ਗੱਲ ਆਖੀ ਸੀ ਤੇ ਹੁਣ ਖ਼ੁਦ ਹੀ ਬਿਨ੍ਹਾਂ ਕਿਸੇ ਸ਼ਰਤ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਬੈਂਸ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਅਜਿਹਾ ਕਰਨ ਤੋਂ ਇਹ ਸਾਬਿਤ ਹੁੰਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ , ਭਾਜਪਾ ਦੇ ਦਬਾਅ ਹੇਠ ਆ ਗਿਆ ਹੈ।
ਇਸ ਤੋਂ ਇਲਾਵਾਂ ਹੋਰਨਾਂ ਵਿਰੋਧੀ ਪਾਰਟੀਆਂ ਬਾਰੇ ਬੋਲਦੇ ਹੋਏ ਬੈਂਸ ਨੇ ਕਿਹਾ ਕਿ ਆਮ ਆਮਦੀ ਪਾਰਟੀ ਤੇ ਕਾਂਗਰਸ ਵਿਚਾਲੇ ਖਿੱਚੋਤਾਣ ਜਾਰੀ ਹੈ। ਉਨ੍ਹਾਂ ਕੈਪਟਨ ਸਰਕਾਰ ਦੇ ਵਿਰੁੱਧ ਬੋਲਦਿਆਂ ਆਖਿਆ ਕਿ ਕੈਪਟਨ ਸਰਕਾਰ ਨੂੰ ਤਿੰਨ ਸਾਲ ਪੂਰੇ ਹੋਣ ਜਾ ਰਹੇ ਹਨ ਪਰ ਸੂਬਾ ਸਰਕਾਰ ਵੱਲੋਂ ਨਾਂ ਤੇ ਕਿਸਾਨਾਂ ਦਾ ਕਰਜ਼ਾ ਮੁਆਫ ਹੋਇਆ ਤੇ ਨਾ ਹੀ ਨੌਜਵਾਨਾਂ ਨੂੰ ਨੌਕਰੀਆਂ 'ਤੇ ਸਮਾਰਟ ਫੋਨ ਦਿੱਤੇ ਗਏ।