ਲੁਧਿਆਣਾ: ਕਿਸਾਨ ਅੰਦੋਲਨ ਲਗਾਤਾਰ ਗਰਮ ਹੁੰਦਾ ਜਾ ਰਿਹਾ ਹੈ ਅਤੇ ਹੁਣ ਖਿਡਾਰੀਆਂ ਨੇ ਵੀ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਖਿਡਾਰੀ 7 ਦਸੰਬਰ ਨੂੰ ਆਪਣੇ ਸਨਮਾਨ ਕੇਂਦਰ ਸਰਕਾਰ ਨੂੰ ਵਾਪਸ ਕਰਨ। ਇਸ ਨੂੰ ਲੈ ਕੇ ਪੰਜਾਬ ਦੇ ਕਈ ਖਿਡਾਰੀ ਆਪਣਾ ਸਨਮਾਨ ਵਾਪਸ ਕਰਨ ਨੂੰ ਤਿਆਰ ਹੋ ਗਏ ਅਤੇ ਕਈ ਖਿਡਾਰੀ ਦਿੱਲੀ ਧਰਨੇ 'ਤੇ ਡਟੇ ਹੋਏ ਹਨ।
ਪੰਜਾਬ ਬਾਸਕਿਟਬਾਲ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਤੇਜਾ ਸਿੰਘ ਧਾਲੀਵਾਲ ਨੇ ਨਾ ਸਿਰਫ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ਬਲਕਿ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਵੱਡੀ ਤਦਾਦ 'ਚ ਖਿਡਾਰੀਆਂ ਦੇ ਫੋਨ ਆ ਰਹੇ ਹਨ ਜੋ ਕਿ ਆਪਣਾ ਸਮਰਥਨ ਦੇ ਰਹੇ ਹਨ ਅਤੇ ਆਪਣੇ ਐਵਾਰਡ ਵਾਪਸ ਕਰਨ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਜੋ ਸਿਆਸੀ ਲੀਡਰਾਂ ਨੇ ਆਪਣੇ ਪਦਮ ਸ਼੍ਰੀ ਵਾਪਸ ਕੀਤੇ ਹਨ ਉਹ ਸਿਰਫ ਸਿਆਸੀ ਸਟੰਟ ਹੈ। ਉਨ੍ਹਾਂ ਕਿਹਾ ਕਿ ਅਸਲੀ ਸਮਰਥਨ ਤਾਂ ਖਿਡਾਰੀ ਦੇਣਗੇ।
ਐਨ.ਬੀ.ਏ. ਵਿੱਚ ਚੁਣੇ ਗਏ ਦੇਸ਼ ਦੇ ਪਹਿਲੇ ਖਿਡਾਰੀ ਕਿਸਾਨਾਂ ਦੇ ਧਰਨੇ 'ਚ ਸ਼ਾਮਿਲ ਹੋਣ ਲਈ ਜਾ ਰਹੇ ਹਨ। ਕੌਮਾਂਤਰੀ ਖਿਡਾਰੀਆਂ ਨੇ ਵੀ ਕਿਸਾਨ ਸਮਰਥਨ ਦਾ ਐਲਾਨ ਕਰ ਦਿੱਤਾ ਹੈ। ਤੇਜਾ ਸਿੰਘ ਧਾਲੀਵਾਲ ਨੇ ਕਿਹਾ ਕਿ ਜੇਕਰ ਕਿਸਾਨ ਹੀ ਇਸ ਗਲ ਤੋਂ ਖੁਸ਼ ਨਹੀਂ ਹਨ ਤਾਂ ਬਿਲ ਪਾਸ ਕਿਉਂ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਇਹ ਬਿਲ ਵਾਪਸ ਲੈਣੇ ਚਾਹੀਦੇ ਹਨ।