ਲੁਧਿਆਣਾ: ਪਵਰਕਾਮ ਦੇ ਇੰਜੀਨੀਅਰ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਿਰੁੱਧ ਇੱਕ ਰੋਸ ਪ੍ਰਦਰਸ਼ਨ ਕੀਤਾ। ਇਸ ਵਿੱਚ ਪੰਜਾਬ ਸਰਕਾਰ ਵੱਲੋਂ ਖਤਮ ਕੀਤੀਆਂ ਜਾ ਰਹੀਆਂ 40000 ਅਸਾਮੀਆਂ ਨੂੰ ਲੈ ਕੇ ਮੁਲਾਜ਼ਮਾਂ ਨੇ ਆਪਣਾ ਵਿਰੋਧ ਦਰਜ ਕਰਵਾਇਆ।
ਇਸ ਮੌਕੇ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਰੁਜ਼ਗਾਰ ਦੇਣ ਦੀ ਗੱਲ ਕਰਦੀ ਹੈ ਉਥੇ ਹੀ ਸਰਕਾਰ ਵੱਲੋਂ ਮਹਿਕਮੇ ਦੀਆਂ 40000 ਅਸਾਮੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਇਸ ਨਾਲ ਬੇਰੁਜ਼ਗਾਰੀ ਤਾਂ ਵਧੇਗੀ ਹੀ ਖਪਤਕਾਰਾਂ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਵੱਲੋਂ ਥਰਮਲ ਪਲਾਂਟ ਮੁੜ ਚਾਲੂ ਕਰਨ ਦੀ ਵੀ ਮੰਗ ਕੀਤੀ ।
ਟੈਕਨੀਕਲ ਯੂਨੀਅਨ ਦੇ ਸਕੱਤਰ ਰਘਬੀਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਗੁਰੂਆਂ ਦੇ ਨਾਂ ਤੇ ਚਲਾਏ ਜਾ ਰਹੇ ਥਰਮਲ ਪਲਾਂਟ ਵੀ ਬੰਦ ਕਰਕੇ ਉਥੇ ਫਲੈਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਾਲ ਹਜ਼ਾਰਾਂ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਬਠਿੰਡੇ ਦਾ ਗੁਰੂ ਨਾਨਕ ਥਰਮਲ ਪਲਾਂਟ ਅਤੇ ਰੋਪੜ ਦਾ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਬੰਦ ਕਰਨ ਦੀ ਤਿਆਰੀ 'ਚ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਹਜ਼ਾਰਾਂ ਲੋਕਾਂ ਦੇ ਘਰ ਚਲਦੇ ਹਨ ਅਤੇ ਉਸ ਕਿੱਤੇ ਨਾਲ ਜੁੜੇ ਹੋਏ ਹਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਮਾੜੀ ਨੀਤੀਆਂ ਕਰਕੇ ਅੱਜ ਉਨ੍ਹਾਂ ਨੂੰ ਸੜਕਾਂ ਤੇ ਉੱਤਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਮੁਲਜ਼ਾਮ ਆਗੂਆਂ ਨੇ ਕਿਹਾ ਕਿ ਉਨ੍ਹਾਂ 'ਤੇ ਪਹਿਲਾਂ ਹੀ ਕੰਮ ਦਾ ਵਾਧੂ ਬੋਝ ਹੈ ਕਿਉਂਕਿ ਇੱਕ ਮੁਲਾਜ਼ਮ ਨੂੰ ਚਾਰ-ਚਾਰ ਐਡੀਸ਼ਨਲ ਚਾਰਜ ਵੀ ਦਿੱਤੇ ਹੋਏ ਹਨ। ਬਿਜਲੀ ਮਹਿਕਮੇ ਦੇ ਵਿੱਚ ਪਹਿਲਾਂ ਹੀ ਕਾਮਿਆਂ ਦੀ ਘਾਟ ਹੈ ਅਤੇ ਸਰਕਾਰ ਇਸ ਵਿੱਚ ਹੋਰ ਕਟੌਤੀ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਤਨਖਾਹਾਂ ਅਤੇ ਡੀਏ ਵੀ ਬਕਾਇਆ ਹੈ। ਉਸ ਨੂੰ ਵੀ ਸਰਕਾਰ ਵੱਲੋਂ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ।