ਲੁਧਿਆਣਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਭਾਵੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਵੱਡੀ ਰਾਹਤ ਦਿੰਦਿਆਂ ਬੀਤੇ ਦਿਨੀਂ ਬੀਫ ਮਾਮਲੇ 'ਚ ਕਲੀਨ ਚਿੱਟ ਮਿਲ ਗਈ ਹੈ ਪਰ ਕੰਗਨਾ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਲੁਧਿਆਣਾ ਦੇ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਹੁਣ ਉਹ ਇਨਸਾਫ਼ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨਗੇ।
ਲੁਧਿਆਣਾ ਦੇ ਨਵਨੀਤ ਕੁਮਾਰ ਨੇ ਕੰਗਨਾ ਦੇ ਖਿਲਾਫ਼ 2019 ਵਿੱਚ ਇੱਕ ਵਿਵਾਦਿਤ ਟਵੀਟ ਕਰਨ ਦੇ ਮਾਮਲੇ 'ਚ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਅਤੇ ਸੈਕਸ਼ਨ 8 ਪੰਜਾਬ ਗਊ-ਹੱਤਿਆ ਰੋਕੂ ਕਾਨੂੰਨ 1995, ਸੈਕਸ਼ਨ 66 ਅਤੇ 67 ਆਈ ਟੀ ਐਕਟ 2000, 1860 ਅਤੇ ਧਾਰਮਿਕ ਭਾਵਨਾਵਾਂ ਨੂੰ ਢਾਅ ਲਾਉਣ ਲਈ 295 ਐਕਟ ਤਹਿਤ ਨਾ ਸਿਰਫ ਲੁਧਿਆਣਾ ਵਿੱਚ ਕੇਸ ਦਰਜ ਕਰਵਾਇਆ ਸੀ ਸਗੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਬੈਂਚ ਨੇ ਪਟੀਸ਼ਨ ਵੀ ਪਾਈ ਸੀ, ਜਿਸ 'ਤੇ ਬੀਤੇ ਦਿਨੀ ਕੰਗਨਾ ਦੇ ਹੱਕ ਵਿੱਚ ਫੈਸਲਾ ਸੁਣਾਇਆ ਗਿਆ।
ਲੁਧਿਆਣਾ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨਵਨੀਤ ਕੁਮਾਰ ਨੇ ਕਿਹਾ ਕਿ ਹੁਣ ਉਹ ਇਨਸਾਫ਼ ਲਈ ਸੁਪਰੀਮ ਕੋਰਟ ਦਾ ਰੁਖ਼ ਕਰਨਗੇ, ਉਨ੍ਹਾਂ ਦੱਸਿਆ ਕਿ ਕੰਗਨਾ ਵੱਲੋਂ 24 ਮਈ 2019 ਨੂੰ ਇੱਕ ਟਵੀਟ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਬੀਫ ਅਤੇ ਮੀਟ ਖਾਣ ਦੇ ਵਿੱਚ ਕੋਈ ਬੁਰਾਈ ਨਹੀਂ ਹੈ। ਇਸ ਨੂੰ ਲੈ ਕੇ ਨਵੀਨ ਕੁਮਾਰ ਨੇ ਕਿਹਾ ਕਿ ਇਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਢਾਹ ਲੱਗੀ ਹੈ।
ਉਧਰ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਮਨੋਜ ਬਜਾਜ ਨੇ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਬੀਤੇ ਦਿਨੀਂ ਇਸ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਕੰਗਨਾ ਤਾਂ ਖ਼ੁਦ ਹੀ ਸ਼ਾਕਾਹਾਰੀ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਅਤੇ ਵਿਦੇਸ਼ ਦੇ ਖਾਨੇ ਵਿੱਚ ਸਿਰਫ਼ ਫਰਕ ਦੱਸ ਰਹੀ ਹੈ ਪਰ ਹੁਣ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦਾ ਰੁਖ਼ ਕਰਨਗੇ।
ਜ਼ਿਕਰੇ-ਖਾਸ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਲਗਾਤਾਰ ਕੰਗਨਾ ਸੁਰਖੀਆਂ ਵਿੱਚ ਹੈ ਅਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਅਕਸਰ ਬਿਆਨਾਂ ਨੂੰ ਲੈ ਕੇ ਵਿਵਾਦਾਂ 'ਚ ਘਿਰੀ ਰਹਿੰਦੀ ਹੈ ਪਰ ਹੁਣ ਬੀਫ ਮਾਮਲੇ 'ਚ ਸ਼ਿਕਾਇਤਕਰਤਾ ਨੇ ਉਸ ਦੀਆਂ ਮੁਸ਼ਕਲਾਂ ਹੋਰ ਵਧਾਉਣ ਦਾ ਫੈਸਲਾ ਕਰ ਲਿਆ ਹੈ।