ਲੁਧਿਆਣਾ : ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਪਰਾਲੀ ਦੀ ਸਮੱਸਿਆ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ। ਕਿਸਾਨਾਂ ਦੇ ਨਾਲ-ਨਾਲ ਸਰਕਰਾਂ ਵੀ ਇਸ ਸਮੱਸਿਆ ਦੇ ਹੱਲ ਕੱਢਣ 'ਚ ਅਸਫਲ ਰਹੀਆਂ ਹਨ। ਪੰਜਾਬ ਦੇ ਕਿਸਾਨ ਮੁੱਢ ਤੋਂ ਹੀ ਕਣਕ ਬੀਜਣ ਤੋਂ ਪਹਿਲਾਂ ਫਸਲ ਦੀ ਰਹਿੰਦ ਖੂੰਦ ਤੋਂ ਨਜਿੱਠਣ ਲਈ ਖੇਤਾਂ 'ਚ ਹੀ ਪਰਾਲੀ ਨੂੰ ਅੱਗ ਲਾ ਦਿੰਦੇ ਹਨ। ਪਰਾਲੀ ਸਾੜਨ ਨਾਲ ਫਸਲ ਦੇ ਮਿੱਤਰ ਕੀੜੇ ਮਰ ਜਾਂਦੇ ਹਨ ਤੇ ਇਸ ਨਾਲ ਜ਼ਮੀਨ ਤੇ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ।
ਪਰਾਲੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਰਿਵਾਰਕ ਸਰੋਤ ਪ੍ਰਬੰਧ ਵਿਭਾਗ ਵੱਲੋਂ ਪਰਾਲੀ ਦੇ ਪ੍ਰਬੰਧਨ ਲਈ ਇਕ ਪਹਿਲ ਕੀਤੀ ਗਈ ਹੈ। ਇਥੇ ਪਰਾਲੀ ਨਾਲ ਰਾਲੀ ਨਾਲ ਕਲਾਤਮਕ ਚੀਜ਼ਾਂ ਤਿਆਰ ਕੀਤੀਆ ਜਾ ਰਹੀਆਂ ਹਨ ਤੇ ਇਸ ਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਪਰਿਵਾਰਕ ਸਰੋਤ ਪ੍ਰਬੰਧ ਵਿਭਾਗ ਦੀ ਸੀਨੀਅਰ ਪ੍ਰੋਫੈਸਰ ਡਾ.ਨਰਿੰਦਰਜੀਤ ਕੌਰ ਨੇ ਦੱਸਿਆ ਕਿ ਕਿਸਾਨਾਂ ਦੀ ਸਮੱਸਿਆ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਦੇ ਵਿਭਾਗ ਨੇ ਪਰਾਲੀ ਨੂੰ ਨਵੇਕਲਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਪਰਾਲੀ ਦੇ ਨਾਲ ਕਈ ਤਰ੍ਹਾਂ ਘਰ ਦੇ ਸਾਜੋ ਸਮਾਨ, ਕਲਾਤਮਕ ਚਿੱਤਰ ਤੇ ਫਰਨੀਚਰ ਸਣੇ ਹੋਰਨਾਂ ਕਈ ਚੀਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਕਿਸਾਨਾਂ ਤੇ ਪੇਡੂਂ ਮਹਿਲਾਵਾਂ ਵਿਚਾਲੇ ਇਸ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਹ ਪਹਿਲ ਕੀਤੀ ਗਈ ਹੈ।
ਇਸੇ ਵਿਭਾਗ ਦੀ ਪ੍ਰੋਫੈਸਰ ਡਾ. ਸ਼ਰਨਬੀਰ ਕੌਰ ਦਾ ਕਹਿਣਾ ਹੈ ਕਿ ਪਰਾਲੀ ਦੇ ਨਾਲ ਘਰ ਵਿੱਚ ਵਰਤਨ ਵਾਲੇ ਸਮਾਨ ਬਣਾਏ ਜਾ ਸਕਦੇ ਨੇ, ਇਸ ਨਾਲ ਕਲਾ ਰਾਹੀਂ ਪਰਾਲੀ ਨੂੰ ਕਈ ਰੂਪ ਵਿਚ ਢਾਲਿਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਕੁੱਝ ਨਮੂਨੇ ਤਿਆਰ ਕੀਤੇ ਗਏ ਹਨ ਤੇ ਪੇਂਡੂ ਖ਼ੇਤਰ ਦੀਆਂ ਮਹਿਲਾਵਾਂ ਨੂੰ ਇਸ ਸਬੰਧੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨਾਲ ਅਜਿਹੀ ਕਲਾਤਮਕ ਵਸਤੂਆਂ ਤਿਆਰ ਕਰਕੇ ਔਰਤਾਂ ਨਾਂ ਮਹਿਜ਼ ਆਪਣੀ ਕਲਾ ਦੀ ਵਰਤੋਂ ਕਰਨਗੀਆਂ ਸਗੋਂ ਇਹ ਬੇਕਾਰ ਪਰਾਲੀ ਉਨ੍ਹਾਂ ਲਈ ਆਮਦਨ ਦਾ ਜ਼ਰੀਆ ਵੀ ਬਣ ਸਕੇਗੀ। ਇਸ ਤੋਂ ਇਲਾਵਾ ਪਰਾਲੀ ਦਾ ਸਹੀ ਨਿਪਟਾਰਾ ਵੀ ਹੋ ਸਕੇਗਾ। ਉਨ੍ਹਾਂ ਆਖਿਆ ਕਿ ਫਿਲਹਾਲ ਅਜੇ ਇਹ ਛੋਟੇ ਪੱਧਰ 'ਤੇ ਸ਼ੁਰੂ ਕੀਤਾ ਗਿਆ ਹੈ ਪਰ ਇਸ ਤਕਨੀਕ ਨੂੰ ਅਪਣਾ ਕੇ ਔਰਤਾਂ ਆਤਮ ਨਿਰਭਰ ਬਣ ਸਕਣਗੀਆਂ।