ਲੁਧਿਆਣਾ: ਕਸਬਾ ਮਾਛੀਵਾੜਾ ਦੇ ਪਿੰਡ ਹੈਡੋਂ ਬੇਟ ਦੇ ਵਿੱਚ ਇੱਕ ਪੁਰਾਣੀ ਮਸਜਿਦ ਭਾਈਚਾਰਕ ਸਾਂਝ ਦੀ ਅਨੋਖੀ ਮਿਸਾਲ ਪੇਸ਼ ਕਰਦੀ ਹੈ। ਪਿੰਡ ਦੇ ਵਿੱਚ ਮਸਜਿਦ ਤਾਂ ਹੈ ਪਰ ਕੋਈ ਮੁਸਲਿਮ ਪਰਿਵਾਰ ਨਹੀਂ, ਫਿਰ ਵੀ ਇਸ ਮਸਜਿਦ ਦੇ ਵਿੱਚ ਚਾਦਰ ਵੀ ਚੜ੍ਹਾਈ ਜਾਂਦੀ ਹੈ ਅਤੇ ਦੀਵਾ ਵੀ ਬਾਲਿਆ ਜਾਂਦਾ ਹੈ।
ਇਹ ਮਸਜਿਦ, ਜਿਸ ਦੀ ਇਮਾਰਤ ਕਾਫੀ ਖ਼ਸਤਾ ਹਾਲਤ 'ਚ ਹੈ ਪਰ ਪਿੰਡ ਦੇ ਲੋਕ ਇਸ ਵਿੱਚ ਸਜਦਾ ਕਰਦੇ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਮੁਸਲਿਮ ਪਰਿਵਾਰ ਨਹੀਂ ਸਗੋਂ ਹਿੰਦੂ ਅਤੇ ਸਿੱਖ ਪਰਿਵਾਰ ਮਿਲ ਕੇ ਨਾ ਸਿਰਫ਼ ਇਸਦੀ ਦੇਖ ਰੇਖ ਕਰਦੇ ਹਨ, ਸਗੋਂ ਹਰ ਸਾਲ ਲੰਗਰ ਵੀ ਲਾਉਂਦੇ ਹਨ। ਜਦੋਂ ਇਸ ਮਸਜਿਦ ਨੂੰ ਤੋੜ ਕੇ ਨਵੀਂ ਇਮਾਰਤ ਬਣਾਉਣ ਦੀ ਗੱਲ ਆਖੀ ਜਾਂਦੀ ਹੈ ਤਾਂ ਪਿੰਡ ਵਾਲੇ ਇਸ ਨੂੰ ਤੋੜਨ ਵੀ ਨਹੀਂ ਦਿੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਨੇ ਅਤੇ ਇਸ ਮਸਜਿਦ ਦੀ ਦੇਖਰੇਖ ਵੀ ਇੱਕ ਹਿੰਦੂ ਪਰਿਵਾਰ ਦਾ ਲੜਕਾ ਹੀ ਕਰਦਾ ਹੈ।
ਇਹ ਵੀ ਪੜ੍ਹੋ: INDvNZ: ਕਿੱਥੇ ਬਣੇ ਕ੍ਰਿਕਟਰਾਂ ਦੇ ਨਾਂਅ 'ਤੇ ਪਕਵਾਨ, ਵੇਖੋ ਵੀਡੀਓ
ਜਿੱਥੇ ਇੱਕ ਪਾਸੇ ਦੇਸ਼ ਦੇ ਵਿੱਚ ਧਰਮ ਦੇ ਨਾਂਅ 'ਤੇ ਹਾਲੇ ਵੀ ਕਈ ਥਾਂ ਦੰਗੇ ਅਤੇ ਲੜਾਈਆਂ ਝਗੜੇ ਹੁੰਦੇ ਹਨ, ਉੱਥੇ ਹੀ ਲੁਧਿਆਣਾ ਦਾ ਪਿੰਡ ਹੈਡੋਂ ਬੇਟ ਭਾਈਚਾਰਕ ਸਾਂਝ ਦੀ ਇੱਕ ਅਨੋਖੀ ਮਿਸਾਲ ਪੇਸ਼ ਕਰਦਾ ਹੈ ਜਿਸ ਤੋਂ ਸਾਰਿਆਂ ਨੂੰ ਸੇਧ ਲੈਣ ਦੀ ਲੋੜ ਹੈ।