ਲੁਧਿਆਣਾ: ਮੁੱਲਾਂਪੁਰ ਦਾਖਾ ਕਾਂਗਰਸ ਚੋਣ ਦਫ਼ਤਰ ਦੇ ਬਾਹਰ ਸ਼ਨੀਵਾਰ ਸ਼ਾਮ ਨੂੰ ਇੱਕ ਨੌਜਵਾਨ ਵੱਲੋਂ ਕੀਤੇ ਗਏ ਹੰਗਾਮੇ ਤੋਂ ਬਾਅਦ ਜਦੋਂ ਕਾਂਗਰਸ ਦੇ ਹੀ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸੰਧੂ ਦਾ ਪੱਖ ਜਾਨਣ ਲਈ ਉਨ੍ਹਾਂ ਕੋਲ ਪੱਤਰਕਾਰ ਪਹੁੰਚੇ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ। ਜਦਕਿ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੇ ਇਸ ਨੂੰ ਗੰਭੀਰ ਮੁੱਦਾ ਦੱਸਦਿਆਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਦੀ ਇਹ ਫਿਤਰਤ ਪਹਿਲਾਂ ਹੀ ਰਹੀ ਹੈ।
ਇੱਕ ਪਾਸੇ ਜਿੱਥੇ ਸਟੇਜਾਂ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਇੱਕ ਦੂਜੇ 'ਤੇ ਨਿਸ਼ਾਨੇ ਵਿੰਨ੍ਹੇ ਜਾ ਰਹੇ ਹਨ ਉੱਥੇ ਹੀ ਬੀਤੇ ਦਿਨ ਕਾਂਗਰਸ ਮੁੱਖ ਚੋਣ ਦਫ਼ਤਰ ਬਾਹਰ ਹੋਏ ਹੰਗਾਮੇ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਨੇ ਇਸ ਤੋਂ ਬੇਖ਼ਬਰ ਹੋਣ ਦੀ ਗੱਲ ਰੱਖੀ ਹੈ। ਦੂਜੇ ਪਾਸੇ ਮਨਪ੍ਰੀਤ ਇਆਲੀ ਨੇ ਕਿਹਾ ਕਿ ਇਸ ਦੀ ਜਿੰਨੀ ਨਿੰਦਿਆਂ ਕੀਤੀ ਜਾਵੇ ਉਨ੍ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਪਹਿਲਾਂ ਅਜਿਹੀਆਂ ਹਰਕਤਾਂ ਕਰ ਚੁੱਕੇ ਹਨ ਅਤੇ ਨੌਜਵਾਨਾਂ ਨਾਲ ਕੁੱਟਮਾਰ ਕਰ ਚੁੱਕੇ ਹਨ। ਇਆਲੀ ਨੇ ਕਿਹਾ ਕਿ ਇੱਕ ਸਿੱਖ ਨੌਜਵਾਨ ਦੀ ਪੱਗ ਲਾਈ ਗਈ ਹੈ ਅਤੇ ਸਿੱਖ ਭਾਈਚਾਰਾ ਉਨ੍ਹਾਂ ਨੂੰ ਮੁਆਫ ਨਹੀਂ ਕਰੇਗਾ।
ਮੰਤਰੀ ਇਆਲੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੀ ਸਿੱਖ ਨੌਜਵਾਨ ਨਾਲ ਕੁੱਟਮਾਰ ਕੀਤੀ ਹੈ, ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਦ ਕਿ ਕਾਂਗਰਸ ਉਮੀਦਵਾਰ ਕੈਪਟਨ ਸੰਧੂ ਇਸ ਮਾਮਲੇ 'ਤੇ ਪੋਚੇ ਫੇਰਦੇ ਵਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਕੈਪਟਨ ਸੰਦੀਪ ਸੰਧੂ ਨੇ ਬੀਤੇ ਦਿਨ ਸਾਡੀ ਟੀਮ ਵੱਲੋਂ ਬੁੱਢੇ ਨਾਲੇ ਦੀ ਕੀਤੀ ਗਈ ਖ਼ਬਰ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਇਹ ਸਾਫ਼ ਕਹਿ ਦਿੱਤਾ ਹੈ ਕਿ ਇਹ ਪੁਰਾਣਾ ਮੁੱਦਾ ਹੈ ਇਸ ਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ।