ਲੁਧਿਆਣਾ: ਪੰਜਾਬ ਪੁਲਿਸ ਅਕਸਰ ਆਪਣੇ ਗਰਮ ਮਿਜਾਜ਼ ਕਰਕੇ ਜਾਣੀ ਜਾਂਦੀ ਹੈ ਪਰ ਸ਼ਹਿਰ 'ਚ ਪੁਲਿਸ ਦਾ ਇੱਕ ਵਖਰਾ ਹੀ ਰੂਪ ਵੇਖਣ ਨੂੰ ਮਿਲਿਆ ਜਿਸ ਨੇ ਹਰ ਕਿਸੀ ਨੂੰ ਹੈਰਾਨ ਕਰ ਦਿੱਤਾ। ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਲੋਕਾਂ ਅੱਗੇ ਹੱਥ ਜੋੜਦੇ ਹੋਏ ਵਿਖਾਈ ਦਿੱਤੇ ਤੇ ਉਨ੍ਹਾਂ ਨੂੰ ਮੁਫ਼ਤ ਮਾਸਕ ਵੰਡੇ।
ਇਸ ਦੌਰਾਨ ਲੋਕਾਂ ਨੂੰ ਮੁਲਾਜ਼ਮ ਇਹ ਕਹਿੰਦੇ ਹੋਏ ਨਜ਼ਰ ਆਏ, "ਪੁਲਿਸ ਸਖ਼ਤੀ ਕਰਦੀ ਹੈ ਤਾਂ ਉਹ ਆਪ ਸਬ ਦੀ ਸੁਰੱਖਿਆ ਅਤੇ ਸਿਹਤਯਾਬੀ ਲਈ ਹੈ, ਕਿਰਪਾ ਕਰਕੇ ਪ੍ਰਸ਼ਾਸ਼ਨ ਅਤੇ ਪੁਲਿਸ ਨੂੰ ਸਹਿਯੋਗ ਦਿਓ।" ਪੰਜਾਬ ਸਰਕਾਰ ਵੱਲੋਂ ਸੂਬੇ ਦੀ ਸੁਰੱਖਿਆ ਲਈ ਚਲਾਈ ਲਹਿਰ 'ਮਿਸ਼ਨ ਫਤਿਹ' ਦੇ ਤਹਿਤ ਲੁਧਿਆਣਾ ਪੁਲਿਸ ਵੱਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੌਰਾਨ ਲੋਕਾਂ ਨੂੰ ਹੱਥ ਜੋੜ ਕੇ ਜਾਗਰੂਕ ਕੀਤਾ ਗਿਆ ।
ਐਸਐਚਓ ਹਰਜੀਤ ਸਿੰਘ ਨੇ ਕਿਹਾ ਕਿ ਕਰਫ਼ਿਊ ਦੌਰਾਨ ਅਸੀਂ ਬਾਹਰ ਰਹਿ ਕੇ ਆਪ ਸਭ ਦੀ ਸੁਰੱਖਿਆ ਲਈ ਆਪਣਾ ਫਰਜ਼ ਨਿਭਾ ਰਹੇ ਹਾਂ, ਤੁਸੀ ਆਪਣੇ ਘਰਾਂ ਵਿੱਚ ਰਹਿ ਕੇ ਆਪਣਾ ਫਰਜ਼ ਨਿਭਾਓ ਅਤੇ ਜੇਕਰ ਬਾਹਰ ਨਿਕਲਣਾ ਪੈਂਦਾ ਹੈ ਤਾਂ ਮਾਸਕ ਪਾ ਕੇ ਹੀ ਨਿਕਲੋ।
ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਿਹ ਦੇ ਤਹਿਤ ਉਨ੍ਹਾਂ ਵੱਲੋਂ ਇਹ ਜਾਗਰੂਕਤਾ ਲੋਕਾਂ ਵਿੱਚ ਫੈਲਾਈ ਜਾ ਰਹੀ ਹੈ ਅਤੇ ਬਿਨ੍ਹਾਂ ਮਾਸਕ ਘੁੰਮਣ ਵਾਲੇ ਲੋਕਾਂ ਨੂੰ ਮਾਸਕ ਵੀ ਮੁਫ਼ਤ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਮਦਦ ਲਈ ਕੰਮ ਕਰ ਰਹੀ ਹੈ ਜੇ ਕੁੱਝ ਸਖ਼ਤੀ ਕਰਨੀ ਪੈਂਦੀ ਹੈ ਤਾਂ ਉਹ ਵੀ ਲੋਕਾਂ ਦੀ ਭਲਾਈ ਲਈ ਹੀ ਕਰਨੀ ਪੈਂਦੀ ਹੈ।