ਲੁਧਿਆਣਾ: ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਵੱਲੋਂ ਮੋਦੀ ਸਰਕਾਰ ਵਿਰੁੱਧ ਇੱਕ ਰੋਸ ਪ੍ਰਦਸ਼ਨ ਕੀਤਾ ਗਿਆ। ਇਹ ਰੋਸ ਮਾਰਚ ਸਰਕਟ ਹਾਊਸ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਕੱਢਿਆ ਗਿਆ। ਇਸ ਦੌਰਾਨ ਕਾਂਗਰਸ ਸੇਵਾ ਦਲ ਦੇ ਆਗੂਆਂ ਨੇ ਰੋਸ ਮਾਰਚ 'ਚ ਸ਼ਾਮਲ ਹੋ ਕੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਆਪਣੀ ਭੜਾਸ ਕੱਢੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਸੇਵਾ ਦਲ ਦੇ ਆਗੂ ਨਿਰਮਲ ਕੈੜਾ ਨੇ ਦੱਸਿਆ ਕਿ ਨੋਟਬੰਦੀ, ਜੀਐੱਸਟੀ ਤੋਂ ਬਾਅਦ ਜਿੱਥੇ ਦੇਸ਼ ਦਾ ਵੱਡਾ ਨੁਕਸਾਨ ਹੋਇਆ ਉੱਥੇ ਹੀ ਹੁਣ ਜੀ.ਡੀ.ਪੀ. ਲਗਾਤਾਰ ਹੇਠਾਂ ਡਿੱਗਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਹੈ ਤਾਂ ਜੋ ਮੋਦੀ ਸਰਕਾਰ ਨੂੰ ਭੰਗ ਕੀਤਾ ਜਾਵੇ।
ਨਿਰਮਲ ਕੈੜਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਹੀ ਉਨ੍ਹਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਇਸ ਦੌਰਾਨ ਕਾਂਗਰਸੀ ਆਗੂਆਂ ਵਲੋਂ ਮੁੜ ਤੋਂ 'ਚੌਂਕੀਦਾਰ ਚੋਰ ਹੈ' ਦੇ ਨਾਅਰੇ ਲਾਏ ਗਏ ਅਤੇ ਕਿਹਾ ਕਿ ਮੋਦੀ ਦੀ ਸਰਕਾਰ ਨੂੰ ਭੰਗ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਾਂਗਰਸ ਮੁੜ ਤੋਂ ਦੇਸ਼ ਨੂੰ ਵਿਕਾਸ ਦੀਆਂ ਲੀਹਾਂ 'ਤੇ ਲੈ ਜਾ ਸਕੇ।