ਲੁਧਿਆਣਾ: ਭਾਜਪਾ ਆਗੂਆਂ ਤੇ ਵਰਕਰਾਂ ਨੇ ਲੁਧਿਆਣਾ ਵਿਖੇ ਹੋਏ ਅਨਾਜ ਘੁਟਾਲੇ ਦੇ ਸਬੰਧ 'ਚ ਡੀਸੀ ਨੂੰ ਮੰਗ ਪੱਤਰ ਸੌਂਪਿਆ ਹੈ। ਇਸ ਮੰਗ ਪੱਤਰ 'ਚ ਅਨਾਜ ਘੁਟਾਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਮੰਗ ਪੱਤਰ ਲੈ ਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਕੋਲ ਪਹੁੰਚ ਕੀਤੀ।
ਇਸ ਮੌਕੇ ਭਾਜਪਾ ਆਗੂ ਪ੍ਰਵੀਨ ਬਾਂਸਲ ਨੇ ਕਿਹਾ ਕਿ ਬੀਤੇ ਦਿਨੀਂ ਭਾਜਪਾ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਨੇ ਇੱਕ ਨਿੱਜੀ ਸਕੂਲ 'ਚ ਸਟਿੰਗ ਆਪ੍ਰੇਸ਼ਨ ਕੀਤਾ ਸੀ। ਜਿਥੇ ਭਾਰੀ ਮਾਤਰਾ 'ਚ ਅਨਾਜ ਬਾਰਮਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਨਾਜ ਘੁਟਾਲਾ ਬੇਹੱਦ ਵੱਡਾ ਘੁਟਾਲਾ ਹੈ। ਇਸ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਲੁਧਿਆਣਾ ਦੇ ਵਿਧਾਇਕ ਰਾਕੇਸ਼ ਪਾਂਡੇ ਦਾ ਨਾਂਅ ਸਾਹਮਣੇ ਆਇਆ ਸੀ। ਇਸ ਮਾਮਲੇ ਦੀ ਜਾਂਚ ਲਈ ਪੰਜਾਬ ਕੈਬਿਨੇਟ ਵੱਲੋਂ ਇੱਕ ਜਾਂਚ ਕਮੇਟੀ ਬਣਾਈ ਗਈ ਸੀ। ਕਮੇਟੀ ਵੱਲੋਂ ਵਿਧਾਇਕ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ, ਜੋ ਕਿ ਗ਼ਲਤ ਹੈ।
ਪ੍ਰਵੀਨ ਬਾਂਸਲ ਨੇ ਕਿਹਾ ਕਿ ਇਸ ਮਾਮਲੇ 'ਚ ਕਾਂਗਰਸੀ ਆਗੂਆਂ ਤੇ ਮੰਤਰੀਆਂ ਵੱਲੋਂ ਅਨਾਜ ਥੈਲੀਆਂ ਦੇ ਅੰਕੜੇ ਵੱਖੋ-ਵੱਖ ਦੱਸੇ ਜਾ ਰਹੇ ਹਨ। ਸਟਿੰਗ ਆਪ੍ਰੇਸ਼ਨ ਦੇ ਦੌਰਾਨ ਸਕੂਲ 'ਚ ਅਨਾਜ ਦੀਆਂ 700 ਬੋਰੀਆਂ ਬਰਾਮਦ ਹੋਈਆਂ ਸਨ। ਜਦੋਂ ਕਿ ਕਾਂਗਰਸੀ ਵਿਧਾਇਕ ਨੇ ਕਿਹਾ ਸੀ ਕਿ ਉਸ ਕੋਲ ਮਹਿਜ 400 ਅਨਾਜ ਦੇ ਥੈਲੇ ਹਨ ਪਰ ਜਾਂਚ ਦੌਰਾਨ ਉਸ ਕੋਲ ਗਿਣਤੀ ਤੋਂ ਵੱਧ ਅਨਾਜ ਥੈਲੇ ਪਾਏ ਗਏ।
ਉਨ੍ਹਾਂ ਕਿਹਾ ਜਾਂਚ ਦੇ ਮੌਜੂਦਾ ਤੱਥਾਂ ਦੇ ਮੁਤਾਬਕ ਇਹ ਗੱਲ ਸਾਫ਼ ਹੈ ਕਿ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੱਸੇ ਗਏ ਅੰਕੜੇ ਸਹੀ ਨਹੀਂ ਹਨ। ਜਿਸ ਕਾਰਨ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਬਾਂਸਲ ਨੇ ਆਖਿਆ ਕਿ ਜੇਕਰ ਲੋੜ ਪਈ ਤਾਂ ਅਸੀਂ ਇਸ ਮਾਮਲੇ ਸਬੰਧੀ ਕੇਂਦਰੀ ਮੰਤਰੀਆਂ ਤੱਕ ਵੀ ਪਹੁੰਚ ਕਰਾਂਗੇ। ਉਨ੍ਹਾਂ ਕਿਹਾ ਕਿ ਅਨਾਜ ਘੁਟਾਲੇ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।