ਲੁਧਿਆਣਾ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜੀਟਲ ਸ਼ੋਅ ਪੜਾਅ ਦਰ ਪੜਾਅ ਚੱਲਦਾ ਹੋਇਆ ਸਥਾਨਰ ਸ਼ਹਿਰ ਪਹੁੰਚਿਆ ਹੈ। ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਸ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ। ਜਿਸ ਨੂੰ ਵੇਖਣ ਲਈ ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਅਤੇ ਸਕੂਲੀ ਵਿਦਿਆਰਥੀ ਪਹੁੰਚੇ ਹਨ। ਇਸ ਮੌਕੇ ਪ੍ਰਦੀਪ ਅਗਰਵਾਲ ਨੇ ਇਸ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਬੱਚਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਤੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਮਿਲੀ ਹੈ।
ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਡਿਜੀਟਲ ਸ਼ੋਅ ਦਾ ਜਾਇਜ਼ਾ ਵੀ ਲਿਆ। 4 ਵੱਡੇ ਟਰੱਕਾਂ ਨੂੰ ਜੋੜ ਕੇ ਇਸ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸ਼ੋਅ 'ਚ ਨਵੀਂ ਤਕਨੀਕ ਰਾਹੀਂ ਗੁਰੂ ਜੀ ਦੇ ਜੀਵਨ ਨੂੰ ਦਰਸਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਨੂੰ ਸਕੂਲੀ ਵਿਦਿਆਰਥੀ ਵੇਖਣ ਆ ਰਹੇ ਹਨ। ਇਸ ਤੋਂ ਇਲਾਵਾ ਇੱਕ ਥ੍ਰੀਡੀ ਡਿਜੀਟਲ ਸ਼ੋਅ ਵੀ ਲਗਭਗ ਢਾਈ ਤੋਂ ਤਿੰਨ ਮਿੰਟ ਦਾ ਵਿਖਾਇਆ ਜਾਂਦਾ ਹੈ, ਜਿਸ ਵਿੱਚ ਗੁਰੂ ਜੀ ਦੀਆਂ ਉਦਾਸੀਆਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ। ਸਕੂਲੀ ਅਧਿਆਪਕਾਂ ਨੇ ਵੀ ਕਿਹਾ ਕਿ ਕਿਤਾਬਾਂ 'ਚ ਵੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਪੜ੍ਹਾਇਆ ਜਾਂਦਾ ਹੈ ਪਰ ਇਹ ਇਸ ਸ਼ੋਅ ਰਾਹੀਂ ਉਨ੍ਹਾਂ ਨੂੰ ਕਾਫੀ ਗਿਆਨ ਮਿਲਦਾ ਹੈ।