ਲੁਧਿਆਣਾ: ਇਥੋਂ ਦੇ ਇੱਕ ਨਿੱਜੀ ਹੋਟਲ ਵਿੱਚ ਬੀਤੇ ਦਿਨ ਕਾਰੋਬਾਰੀਆਂ ਦੀ ਹੋਈ ਮੀਟਿੰਗ ਦੇ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਹੋਟਲ ਪ੍ਰਬੰਧਕਾਂ ਅਤੇ ਕਾਰੋਬਾਰੀਆਂ ਵਿਚਾਲੇ ਕਿਸੇ ਬਿੱਲ ਦੇ ਮਤਭੇਦ ਤੋਂ ਬਾਅਦ ਬਹਿਸਬਾਜ਼ੀ ਹੋਈ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਹੋ ਗਈ।
ਹੱਥੋਪਾਈ ਦੇ ਵਿੱਚ ਕਈ ਵਪਾਰੀ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਦਾਖ਼ਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਹੋਟਲ ਪ੍ਰਬੰਧਕਾਂ ਦੇ ਖ਼ਿਲਾਫ਼ 307 ਅਤੇ ਹੋਰ ਕਈ ਸੰਗੀਨ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਹੈ।
ਉਧਰ ਇਸ ਮਾਮਲੇ ਦੇ ਵਿੱਚ ਕਾਰੋਬਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਕਾਰਾਤਮਕ ਢੰਗ ਦੇ ਨਾਲ ਹੋਟਲ ਦੇ ਵਿੱਚ ਇੱਕ ਵਪਾਰ ਮੀਟਿੰਗ ਰੱਖੀ ਗਈ ਸੀ ਪਰ ਇਸ ਦੌਰਾਨ ਹੋਟਲ ਦੇ ਪ੍ਰਬੰਧਕਾਂ ਨੇ ਜਦੋਂ ਬਿੱਲ ਲਿਆਂਦਾ ਤਾਂ ਉਹ ਉਨ੍ਹਾਂ ਨੂੰ ਜ਼ਿਆਦਾ ਲੱਗਿਆ। ਇਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੇਜਰ ਨੂੰ ਪੁੱਛਿਆ ਤਾਂ ਉਸ ਨੇ ਹੋਟਲ ਦੇ ਮਾਲਕ ਨੂੰ ਬੁਲਾ ਲਿਆ ਅਤੇ ਉਸ ਨੇ ਆਪਣੇ ਬੇਟੇ ਅਤੇ ਹੋਰ ਸਾਥੀਆਂ ਨੂੰ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਦੇ ਕਈ ਸਾਥੀ ਜ਼ਖ਼ਮੀ ਹੋ ਗਏ।
ਉਨ੍ਹਾਂ ਦੱਸਿਆ ਕਿ ਇਕ ਦੀ ਬਾਂਹ ਵੱਢੀ ਗਈ, ਇਕ ਦੇ ਗਲ 'ਤੇ ਸੱਟਾਂ ਲੱਗੀਆਂ ਜਦੋਂ ਕਿ ਇਕ ਹੋਰ ਦੀ ਪਿੱਠ ਵਿੱਚ ਵੀ ਸੱਟ ਲੱਗੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਪਹਿਲਾਂ ਤਾਂ ਪਰਚਾ ਦਰਜ ਕਰ ਦਿੱਤਾ ਪਰ ਬਾਅਦ ਵਿੱਚ ਉਨ੍ਹਾਂ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਦੀ ਬਜਾਏ ਸਮਝੌਤਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ।
ਵਪਾਰੀਆਂ ਨੇ ਕਿਹਾ ਕਿ ਲੁਧਿਆਣਾ ਵਿਚ ਅਜਿਹੀ ਘਟਨਾ ਬੇਹੱਦ ਮੰਦਭਾਗੀ ਹੈ ਅਤੇ ਇਸ 'ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਵਪਾਰੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉੱਥੇ ਹੀ ਝਗੜੇ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਹਾਲਾਂਕਿ ਇਸ ਮਾਮਲੇ ਵਿਚ ਹੋਟਲ ਪ੍ਰਬੰਧਕਾਂ ਨੇ ਕਿਸੇ ਵੀ ਤਰ੍ਹਾਂ ਦਾ ਆਪਣਾ ਪੱਖ ਰੱਖਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਥੇ ਹੀ ਪੁਲਿਸ ਵਲੋਂ ਵਪਾਰੀਆਂ 'ਤੇ ਸਮਝੌਤਾ ਕਰਾਉਣ ਦਾ ਦਬਾਅ ਪਾਏ ਜਾਣ ਤੋਂ ਬਾਅਦ ਪੁਲਿਸ ਵੀ ਮਾਮਲੇ ਵਿਚ ਪੱਲਾ ਝਾੜਦੀ ਵਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ:CWG 2022: ਮੀਰਾਬਾਈ ਚਾਨੂ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ