ਲੁਧਿਆਣਾ: ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਇਕ ਵਿਧਾਇਕ ਨੂੰ ਇਕ ਹੀ ਪੈਨਸ਼ਨ ਮਿਲੇਗੀ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਵੱਲੋਂ ਵਿਰੋਧ ਜਤਾਇਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਵਿਧਾਇਕਾਂ ਨੂੰ ਪੈਨਸ਼ਨ ਨਹੀਂ ਮਿਲੇਗੀ ਤਾਂ ਉਨ੍ਹਾਂ ਵੱਲੋਂ ਭ੍ਰਿਸ਼ਟਾਚਾਰ ਕੀਤਾ ਜਾਵੇਗਾ।
ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਸਿਰਫ਼ ਲੋਕਾਂ ਨੂੰ ਮੂਰਖ ਬਣਾ ਰਹੀ ਹੈ ਉਨ੍ਹਾਂ ਕਿਹਾ ਕਿ ਇਕ ਵਿਧਾਇਕ ਨੂੰ ਇੱਕ ਪੈਨਸ਼ਨ ਹੀ ਮਿਲਦੀ ਹੈ। ਸਿਰਫ ਮਹਿੰਗਾਈ ਵਧਣ ਨਾਲ ਪੈਨਸ਼ਨ ਚ ਵਾਧਾ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਦੇ ਫੈਸਲੇ ਦੇ ਨਾਲ ਉਹ ਸਹਿਮਤ ਨਹੀਂ ਹਨ, ਕਿਉਂਕਿ ਵਿਧਾਇਕਾਂ ਨੇ ਵੀ ਆਪਣੇ ਬੱਚੇ ਪਾਲਣੇ ਹਨ।
ਕੁਲਦੀਪ ਵੈਧ ਨੇ ਅੱਗੇ ਕਿਹਾ ਕਿ ਵਿਧਾਇਕਾਂ ਨੇ ਵਰਕਰਾਂ, ਆਮ ਲੋਕਾਂ ਅਤੇ ਆਪਣੇ ਦਫਤਰ ਵੀ ਚਲਾਉਣੇ ਹਨ। ਜਿਸ ਕਰਕੇ ਉਨ੍ਹਾਂ ਦੀ ਤਨਖਾਹ ਵੱਧ ਹੋਣੀ ਚਾਹੀਦੀ ਹੈ ਅਤੇ ਪੈਨਸ਼ਨ ਵੀ ਮਿਲਣੀ ਚਾਹੀਦੀ ਹੈ। ਡਾ. ਕੁਲਦੀਪ ਵੈਦ ਨੇ ਸਿੱਧਾ ਕਿਹਾ ਕਿ ਜੇਕਰ ਵਿਧਾਇਕਾਂ ਨੂੰ ਤਨਖ਼ਾਹ ਘੱਟ ਮਿਲੇਗੀ ਤਾਂ ਉਹ ਭ੍ਰਿਸ਼ਟਾਚਾਰ ਫੈਲਾਉਣਗੇ।
ਕੁਲਦੀਪ ਵੈਦ ਨੇ ਗੁਆਂਢੀ ਸੂਬਿਆਂ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਜ਼ਿਆਦਾ ਹੈ, ਇੰਨਾ ਹੀ ਨਹੀਂ ਹਿਮਾਚਲ ਦੇ ਵਿਚ, ਉੱਤਰ ਪ੍ਰਦੇਸ਼ ਵਿੱਚ ਅਤੇ ਤੇਲੰਗਾਨਾ ਦੇ ਵਿੱਚ ਪੰਜਾਬ ਦੇ ਵਿਧਾਇਕਾਂ ਨਾਲੋਂ ਉੱਥੋਂ ਦੇ ਵਿਧਾਇਕਾਂ ਨੂੰ ਕਿਤੇ ਜ਼ਿਆਦਾ ਤਨਖ਼ਾਹ ਮਿਲਦੀ ਹੈ।
ਉਨ੍ਹਾਂ ਨੇ ਕਿਹਾ ਕਿ ਵਿਧਾਇਕਾਂ ਨੂੰ ਤਨਖਾਹ ਮਿਲਣੀ ਚਾਹੀਦੀ ਹੈ ਅਤੇ ਉਸ ਨੂੰ ਇੰਨੀ ਕੁ ਤਨਖਾਹ ਮਿਲਣੀ ਚਾਹੀਦੀ ਹੈ ਜਿਸ ਨਾਲ ਉਹ ਆਸਾਨੀ ਨਾਲ ਆਪਣੇ ਦਫਤਰ ਵੀ ਚਲਾ ਸਕੇ ਅਤੇ ਲੋਕਾਂ ਦੇ ਕੰਮ ਵੀ ਕਰ ਸਕੇ। ਕੁਲਦੀਪ ਵੈਦ ਨੇ ਭਗਵੰਤ ਮਾਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਉਹ ਇਸ ਫੈਸਲੇ ਨਾਲ ਸਹਿਮਤ ਨਹੀਂ ਹਨ।
ਸੀਐੱਮ ਮਾਨ ਦਾ ਫੈਸਲਾ: ਸੀਐੱਮ ਭਗਵੰਤ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਧਾਇਕ ਸੇਵਾ ਦੇ ਨਾਂ ’ਤੇ ਰਾਜਨੀਤੀ ’ਚ ਆਉਂਦੇ ਹਨ ਤਾਂ ਉਨ੍ਹਾਂ ਨੂੰ ਲੱਖਾਂ ਦੀ ਪੈਨਸ਼ਨ ਦੇਣਾ ਜਾਇਜ ਨਹੀਂ ਹੈ। ਐਮਐਲਏ ਹੱਥ ਜੋੜ ਕੇ ਲੋਕਾਂ ਤੋਂ ਵੋਟ ਮੰਗਦੇ ਹਨ ਅਤੇ ਰਾਜ ਦੀ ਨਹੀਂ ਸੇਵਾ ਦੀ ਗੱਲ ਕਰਦੇ ਹਨ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਹਾਰਨ ਤੋਂ ਬਾਅਦ ਵੀ 3 ਲੱਖ ਤੋਂ 5 ਲੱਖ ਤੱਕ ਦੀ ਪੈਨਸ਼ਨ ਮਿਲਦੀ ਹੈ। ਜਿਸ ਨਾਲ ਪੰਜਾਬ ਦੇ ਖਜਾਨੇ ’ਤੇ ਭਾਰ ਪੈਂਦਾ ਹੈ ਜਿਸ ਦੇ ਚੱਲਦੇ ਇਹ ਫੈਸਲਾ ਲਿਆ ਗਿਆ ਹੈ ਕਿ ਜੋ ਵੀ ਵਿਧਾਇਕ ਚਾਹੇ ਉਹ ਇੱਕ ਵਾਰ ਜਿੱਤਿਆ ਹੈ ਜਾਂ ਫਿਰ ਦੋ ਵਾਰ ਉਸ ਨੂੰ ਇੱਕ ਵਾਰ ਦੀ ਹੀ ਪੈਨਸ਼ਨ ਦਿੱਤੀ ਜਾਵੇਗੀ।
ਇਹ ਵੀ ਪੜੋ: ਸੀਐੱਮ ਮਾਨ ਵੱਲੋਂ ਵਿਧਾਇਕਾਂ ਦੀ ਪੈਨਸ਼ਨ ’ਤੇ ਵੱਡਾ ਫੈਸਲਾ, ਇੱਕ ਵਾਰ ਦੀ ਹੀ ਮਿਲੇਗੀ ਪੈਨਸ਼ਨ