ਲੁਧਿਆਣਾ: ਵਿਧਾਨਸਭਾ ਚੋਣਾਂ (Assembly elections) ਆਉਂਦਿਆਂ ਹੀ ਇਕ ਪਾਸੇ ਜਿਥੇ ਮੌਜੂਦਾ ਸਰਕਾਰਾਂ ਦੇ ਵਿਧਾਇਕ ਇੱਕ ਤੋਂ ਬਾਅਦ ਇੱਕ ਨੀਂਹ ਪੱਥਰ ਰੱਖ ਕੇ ਆਪਣੀਆਂ ਉਪਲੱਬਧੀਆਂ ਗਿਣਾਉਣ ’ਚ ਲੱਗ ਜਾਂਦੇ ਹਨ ਉਥੇ ਹੀ ਸਾਬਕਾ ਵਿਧਾਇਕ ਵੀ ਇਹ ਦਾਅਵੇ ਕਰਦੇ ਵਿਖਾਈ ਦਿੰਦੇ ਹਨ ਕਿ ਉਨ੍ਹਾਂ ਵੱਲੋਂ ਹੀ ਹਲਕੇ ਵਿਚ ਵਿਕਾਸ ਕਾਰਜ ਕਰਵਾਏ ਗਏ।
ਲੁਧਿਆਣਾ ਦਾ ਵਿਧਾਨ ਸਭਾ ਹਲਕਾ ਗਿੱਲ ਪੰਜਾਬ ਦਾ ਸਭ ਤੋਂ ਵੱਡਾ ਹਲਕਾ ਹੈ ਜਿਸ ਵਿੱਚ 150 ਦੇ ਕਰੀਬ ਪਿੰਡ ਆਉਂਦੇ ਹਨ। ਮੌਜੂਦਾ ਵਿਧਾਇਕ ਕਾਂਗਰਸ ਦੇ ਸੀਨੀਅਰ ਆਗੂ ਕੁਲਦੀਪ ਵੈਦ ਹਨ ਜੋ ਕੈਬਨਿਟ ਰੈਂਕ ਵੀ ਹਾਸਿਲ ਕਰ ਚੁੱਕੇ ਹਨ ਜਦੋਂ ਕਿ ਦੂਜੇ ਪਾਸੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੂੰ ਅਕਾਲੀ ਦਲ ਨੇ ਆਪਣਾ ਉਮੀਦਵਾਰ ਬਣਾਇਆ ਹੈ।
ਧਾਂਦਰਾ ਕਲੱਸਤਰ ’ਤੇ ਕ੍ਰੈਡਿਟ ਵਾਰ
ਕਾਂਗਰਸ ਦੇ ਮੌਜੂਦਾ ਵਿਧਾਇਕ ਕੁਲਦੀਪ ਵੈਦ ਅਤੇ ਅਕਾਲੀ ਦਲ ਦੇ ਹਲਕੇ ਤੋਂ ਉਮੀਦਵਾਰ ਅਤੇ ਸਾਬਕਾ ਵਿਧਾਇਕ ਰਹਿ ਚੁੱਕੇ ਦਰਸ਼ਨ ਸਿੰਘ ਸ਼ਿਵਾਲਿਕ ਆਹਮੋ-ਸਾਹਮਣੇ ਹਨ। ਜਿੱਥੇ ਕੁਲਦੀਪ ਵੈਦ ਨੇ ਕਿਹਾ ਕਿ ਧਾਂਦਰਾ ਕਲੱਸਟਰ ਵਿੱਚ ਪੰਜਾਬ ਸਰਕਾਰ ਵੱਲੋਂ ਪੈਸੇ ਲਗਾਏ ਗਏ ਉਥੇ ਹੀ ਦੂਜੇ ਪਾਸੇ ਦਰਸ਼ਨ ਸਿੰਘ ਸ਼ਿਵਾਲਿਕ ਦਾ ਕਹਿਣਾ ਹੈ ਕਿ ਧਾਂਦਰਾ ਕਲੱਸਟਰ 2016 ਦਾ ਪ੍ਰੋਜੈਕਟ ਹੈ ਜਿਸ ਨੂੰ ਅਕਾਲੀ ਦਲ ਦੀ ਸਰਕਾਰ ਨੇ ਪਾਸ ਕਰਵਾਇਆ ਸੀ ਸਗੋਂ ਕੋਡ ਲੱਗਣ ਤੋਂ ਬਾਅਦ ਇਸ ਪ੍ਰਾਜੈਕਟ ’ਤੇ ਕਾਂਗਰਸ ਵੱਲੋਂ ਕੋਈ ਪੈਸਾ ਨਹੀਂ ਖਰਚਿਆ ਗਿਆ ਸਿਰਫ ਡਰਾਮੇਬਾਜ਼ੀ ਹੀ ਕੀਤੀ ਗਈ ਹੈ।
ਕੀ ਹੈ ਧਾਂਦਰਾ ਕਲੱਸਟਰ
ਦਰਅਸਲ ਧਾਂਦਰਾ ਕਲੱਸਟਰ 21 ਪਿੰਡਾਂ ਦਾ ਸਾਂਝਾ ਵਿਕਾਸ ਪ੍ਰਾਜੈਕਟ ਹੈ ਜਿਸ ਵਿੱਚ 100 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਕਿੱਲ ਸੈਂਟਰ, ਐਗਰੋ ਪ੍ਰੋਸੈਸਿੰਗ ਕੰਪਲੈਕਸ, ਚਿਲਡਰਨ ਪਾਰਕ, ਬਾਸਕਟਬਾਲ ਗਰਾਊਂਡ, ਜਿੰਮ, ਸਪੋਰਟਸ ਕੰਪਲੈਕਸ, ਸੌਲਿਡ ਵੇਸਟ ਪਲਾਂਟ, ਸੀਵਰੇਜ, ਪੀਣ ਵਾਲੇ ਪਾਣੀ ਦੀ ਸੁਵਿਧਾ, ਸੋਲਰ ਲਾਈਟਾਂ, ਸਰਕਾਰੀ ਇਮਾਰਤਾਂ ’ਤੇ ਸੋਲਰ ਸਿਸਟਮ, ਸਮਾਰਟ ਪ੍ਰਾਇਮਰੀ ਅਤੇ ਸੀਨੀਅਰ ਸੈਕੰਡਰੀ ਸਕੂਲ, ਬੱਸ ਸਟੈਂਡ, ਲਾਇਬ੍ਰੇਰੀ, ਸੜਕਾਂ, ਆਰ ਓ, ਪਖਾਨੇ, ਸਰਕਾਰੀ ਡਿਸਪੈਂਸਰੀਆਂ ਦੀ ਅਪਗ੍ਰੇਡੇਸ਼ਨ, ਬਾਬਾ ਦੀਪ ਸਿੰਘ ਨਗਰ ਅਤੇ ਪ੍ਰੀਤ ਵਿਹਾਰ ਨੂੰ ਵਿਕਸਿਤ ਕਰਨ ਵਰਗੀਆਂ ਸਹੂਲਤਾਂ ਸਨ ਇਸ ਤੋਂ ਇਲਾਵਾ ਗਿੱਲ ਹਲਕੇ ਵਿੱਚ ਝੀਲ ਦਾ ਨਿਰਮਾਣ ਮਾਰਕੀਟ ਆਦਿ ਸ਼ਾਮਿਲ ਸੀ।
ਮੌਜੂਦਾ ਅਤੇ ਸਾਬਕਾ ਵਿਧਾਇਕ ਦਾ ਤਰਕ
ਮੌਜੂਦਾ ਵਿਧਾਇਕ ਨੇ ਜਿੱਥੇ ਧਾਂਦਰਾ ਕਲੱਸਟਰ ਦੇ ਨਾਲ ਗਿੱਲ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟ ਪੂਰੇ ਕਰਨ ਦੇ ਦਾਅਵੇ ਕੀਤੇ ਹਨਨੇ ਉੱਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਮੌਜੂਦਾ ਉਮੀਦਵਾਰ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਗਿੱਲ ਹਲਕੇ ਦੇ ਵਿਚ ਜਿੰਨ੍ਹਾਂ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਉਸ ਤੋਂ ਬਾਅਦ ਕੋਈ ਕੰਮ ਨਹੀਂ ਹੋਇਆ। ਦਰਸ਼ਨ ਸਿੰਘ ਸ਼ਿਵਾਲਿਕ ਨੇ ਦਾਅਵਾ ਕੀਤਾ ਕਿ ਧਾਂਦਰਾ ਕਲੱਸਟਰ ਉਨ੍ਹਾਂ ਦੀ ਸਰਕਾਰ ਵੇਲੇ ਹੋਇਆ ਸੀ ਇਸ ਤੋਂ ਇਲਾਵਾ ਫੂਡ ਪਾਰਕ ਹਰਸਿਮਰਤ ਕੌਰ ਬਾਦਲ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਜੋ ਵੀ ਵਿਕਾਸ ਹੋਇਆ ਉਹ ਅਕਾਲੀ ਦਲ ਦੀ ਦੇਣ ਹੈ ਜਦੋਂ ਕਿ ਮੌਜੂਦਾ ਵਿਧਾਇਕ ਨੇ ਕਿਹਾ ਕਿ ਅਸਲੀਅਤ ਲੋਕ ਦੱਸਦੇ ਹੁੰਦੇ ਹਨ ਲੋਕਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਹੈ ਕਿ ਹਲਕੇ ਵਿੱਚ ਉਨ੍ਹਾਂ ਨੇ ਕਿੰਨੇ ਕੰਮ ਕਰਵਾਏ ?
ਆਮ ਲੋਕਾਂ ਦੀ ਰਾਇ
ਓਧਰ ਦੂਜੇ ਪਾਸੇ ਧਾਂਦਰਾ ਦੇ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਇਲਾਕੇ ਦੇ ਵਿਚ ਬੀਤੇ ਕਈ ਸਾਲਾਂ ਤੋਂ ਹਾਲ ਮਾੜਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਸੜਕ ਟੁੱਟੀ ਹੋਈ ਸੀ ਪਰ ਇੱਥੋਂ ਲੰਘਣਾ ਔਖਾ ਤਾਂ ਸੀ ਪਰ ਫਿਰ ਵੀ ਲੰਘ ਜਾਂਦੇ ਸੀ। ਲੋਕਾਂ ਨੇ ਦੱਸਿਆ ਕਿ ਹੁਣ ਵਿਕਾਸ ਦੇ ਨਾਂ ’ਤੇ ਜੋ ਸੜਕਾਂ ਪੁੱਟੀਆਂ ਹਨ ਜੋ ਸੀਵਰੇਜ ਪਾਉਣ ਲਈ ਹਾਲਾਤ ਖ਼ਰਾਬ ਕੀਤੇ ਨੇ ਉਨ੍ਹਾਂ ਕਰਕੇ ਉਹ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਹ ਸੜਕਾਂ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ। ਲੋਕਾਂ ਦਾ ਕਹਿਣੈ ਕਿ ਨਾਂ ਤਾਂ ਮੌਜੂਦਾ ਵਿਧਾਇਕ ਨੇ ਇਲਾਕੇ ’ਚ ਕੰਮ ਕਰਵਾਇਆ ਅਤੇ ਨਾ ਹੀ ਸਾਬਕਾ ਵਿਧਾਇਕ ਵੱਲੋਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸੜਕਾਂ ਦਾ ਹਾਲ ਖ਼ਸਤਾ ਹੈ ਲੀਡਰ ਸਿਰਫ਼ ਚੋਣਾਂ ’ਚ ਵੱਡੇ-ਵੱਡੇ ਦਾਅਵੇ ਹੀ ਕਰਦੇ ਹਨ।
ਇਹ ਵੀ ਪੜ੍ਹੋ: Assembly Elections 2022: ਕਾਦੀਆਂ ਸੀਟ ਨੂੰ ਲੈ ਕੇ ਬਾਜਵਾ ਭਰਾਵਾਂ ’ਚ ਫਸੇ ਸਿੰਗ !