ਲੁਧਿਆਣਾ: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖਤਾ ਦੀ ਬਰਾਬਰੀ ਦਾ ਸੁਨੇਹਾ ਦਿੰਦੀ ਹੈ। ਗੁਰਬਾਣੀ ਦਾ ਮਹਾਂਵਾਕ ਹੈ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਓ॥" ਗੁਰਬਾਣੀ ਦਾ ਇਹ ਮਹਾਂਵਾਕ ਸਾਨੂੰ ਧਾਰਮਿਕ ਵਖਰੇਵਿਆਂ ਦੇ ਬਾਵਜੂਦ ਵੀ ਸਾਂਝੇ ਸੱਭਿਆਚਾਰ ਤੇ ਭਾਈਚਾਰੇ ਨਾਲ ਰਹਿਣ ਦਾ ਸੁਨੇਹਾ ਦਿੰਦਾ ਹੈ। ਭਾਰਤ 'ਚ ਸਦੀਆਂ ਤੋਂ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਭਾਈਚਾਰਕ ਤੇ ਸੱਭਿਆਚਾਰਕ ਸਾਂਝ ਹੈ। ਇਸ ਸਾਂਝ ਦੀਆਂ ਸਾਨੂੰ ਸਮਾਜ 'ਚ ਕਈ ਮਿਸਾਲਾਂ ਵੀ ਵੇਖਣ ਨੂੰ ਮਿਲਦੀਆਂ ਹਨ। ਕੁਝ ਅਜਿਹੀ ਹੀ ਮਿਸਾਲ ਕਾਇਮ ਕਰ ਰਿਹਾ ਹੈ, ਲੁਧਿਆਣਾ ਦੇ ਅਸਗਰ ਅਲੀ ਦਾ ਪਰਿਵਾਰ ਜੋ 3 ਪੀੜ੍ਹੀਆਂ ਤੋਂ ਦੁਸਹਿਰੇ ਦੇ ਤਿਉਹਾਰ ਲਈ ਰਾਵਣ ਬਣਾ ਕੇ ਗੁਰਬਾਣੀ ਦੇ ਇਸ ਮਹਾਂਵਾਕ ਨੂੰ ਅਮਲੀ ਜਾਮਾ ਪਹਿਣਾ ਰਿਹਾ ਹੈ।
ਬਦੀ 'ਤੇ ਨੇਕੀ ਦੀ ਜਿੱਤ ਦਾ ਤਿਉਹਾਰ ਦੁਸਹਿਰਾ ਹਰ ਸਾਲ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਕੋਰੋਨਾ ਮਹਾਂਮਾਰੀ ਕਰਕੇ ਬਹੁਤੇ ਇਕੱਠ ਤੋਂ ਮਨਾਹੀ ਹੈ। ਇਸ ਕਰਕੇ ਰਾਵਣ ਦਾ ਆਕਾਰ ਘਟਾ ਦਿੱਤਾ ਗਿਆ ਹੈ ਅਤੇ ਲੁਧਿਆਣਾ ਦੇ ਦਰੇਸੀ ਗਰਾਊਂਡ 'ਚ 35 ਫੁੱਟ ਦਾ ਰਾਵਣ ਫੂਕਿਆ ਜਾਣਾ ਹੈ। ਜੋ ਕਿਸੇ ਸਮੇਂ 90 ਫੁੱਟ ਤੋਂ ਵੀ ਉੱਚਾ ਹੁੰਦਾ ਸੀ। ਇਸ ਵਾਰ ਨਾ ਤਾਂ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਣੇ ਹਨ। ਲੁਧਿਆਣਾ ਦੇ ਦਰੇਸੀ ਗਰਾਊਂਡ ਦੇ ਵਿੱਚ ਮੁਸਲਿਮ ਪਰਿਵਾਰ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦਾ ਕੰਮ ਸ਼ੁਰੂ ਕਰ ਦਿੰਦਾ ਹੈ।
ਰਾਵਣ ਦੇ ਪੁਤਲੇ ਬਣਾਉਣ ਵਾਲੇ ਅਸਗਰ ਅਲੀ ਨੇ ਦੱਸਿਆ ਕਿ ਤਿੰ ਪੀੜ੍ਹੀਆਂ ਤੋਂ ਉਹ ਰਾਵਣ ਬਣਾਉਣ ਦਾ ਕੰਮ ਕਰਦੇ ਹਨ। ਹਾਲਾਂਕਿ ਉਨ੍ਹਾਂ ਦੀ ਅਗਲੀ ਪੀੜ੍ਹੀ ਪੜ੍ਹੀ-ਲਿਖੀ ਹੈ ਅਤੇ ਬੇਟਾ ਸੌਫਟਵੇਅਰ ਇੰਜੀਨੀਅਰ ਹੈ ਬੇਟੀ ਸਰਕਾਰੀ ਨੌਕਰੀ ਕਰਦੀ ਹੈ। ਇਸ ਦੇ ਬਾਵਜੂਦ ਵੀ ਉਨ੍ਹਾਂ ਦਾ ਪਰਿਵਾਰ ਆਪਣਾ ਪੁਸ਼ਤੈਨੀ ਕੰਮ ਨਹੀਂ ਛੱਡ ਰਹੇ ਕਿਉਂਕਿ ਇਹ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਰਾਵਣ ਦੇ ਪੁਤਲੇ ਬਣਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪੰਜਾਬ ਤੋਂ ਇਲਾਵਾ ਉਨ੍ਹਾਂ ਦੇ ਬਣਾਏ ਪੁਤਲੇ ਜੰਮੂ ਤੇ ਕਸ਼ਮੀਰ, ਦਿੱਲੀ ਅਤੇ ਹਰਿਆਣਾ ਦੇ ਨਾਲ ਚੰਡੀਗੜ੍ਹ ਆਦਿ ਵੀ ਜਾਂਦੇ ਹਨ।
ਅਸਗਰ ਅਲੀ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਹਿੰਦੂ ਧਰਮ ਦੇ ਤਿਉਹਾਰ 'ਤੇ ਉਹ ਵੀ ਯੋਗਦਾਨ ਪਾਉਂਦੇ ਹਨ। ਉਧਰ ਦੂਜੇ ਪਾਸੇ ਅਸਗਰ ਦੇ ਬੇਟੇ ਇਮਰਾਨ ਨੇ ਦੱਸਿਆ ਕਿ ਉਹ ਸਾਫਟਵੇਅਰ ਇੰਜੀਨੀਅਰ ਹਨ ਤੇ ਆਪਣਾ ਪੁਸ਼ਤੈਨੀ ਕੰਮ ਕਰਨ 'ਚ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ। ਉਨ੍ਹਾਂ ਨੇ ਕਿਹਾ ਕਿ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਇਸ ਰਾਵਣ ਨੂੰ 5 ਮਿੰਟ 'ਚ ਫੂਕ ਦਿੱਤਾ ਜਾਂਦਾ ਹੈ ਪਰ ਇਹ ਧਰਮ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ।
ਕੋਈ ਵੀ ਧਰਮ ਹੋਵੇ ਉਹ ਸਾਰਿਆਂ ਨੂੰ ਰਲ-ਮਿਲ ਕੇ ਰਹਿਣ ਦਾ ਸੁਨੇਹਾ ਦਿੰਦਾ ਹੈ। ਕੁਝ ਕੁ ਲੋਕਾਂ ਵੱਲੋਂ ਪਾਈ ਜਾਂਦੀ ਧਾਰਮਿਕ ਫੁੱਟ ਪਾਉਂਣ ਦੀਆਂ ਕੋਸ਼ਿਸ਼ਾਂ ਨੂੰ ਇਸ ਤਰ੍ਹਾਂ ਦੀਆਂ ਮਿਸਾਲਾਂ ਨਕਾਮ ਕਰਦੀਆਂ ਹੋਈਆਂ ਨਜ਼ਰ ਆਉਂਦੀਆਂ ਹਨ।