ਲੁਧਿਆਣਾ: ਸ਼ਹਿਰ ਦੇ ਰੋਡੇ ਫਾਟਕ ਨੇੜੇ ਇੱਕ ਅਧੇੜ ਉਮਰ ਦੇ ਵਿਅਕਤੀ ਵੱਲੋਂ ਰੇਲਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮ੍ਰਿਤਕ ਦੇ ਪਰਿਵਾਰ ਵਲੋਂ ਖ਼ੁਦਕੁਸ਼ੀ ਕਰਨ ਲਈ ਮਜ਼ਬੂਰ ਕਰਨ ਵਾਲੇ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਮ੍ਰਿਤਕ ਵਿਅਕਤੀ ਦੀ ਪਛਾਣ ਜਸਵੀਰ ਸਿੰਘ ਵਜੋਂ ਹੋਈ ਹੈ। ਇਸ ਤੋਂ ਬਾਅਦ ਮ੍ਰਿਤਕ ਦਾ ਪਰਿਵਾਰ ਜੀਆਰਪੀ ਥਾਣੇ ਪਹੁੰਚਿਆ ਅਤੇ ਉਨ੍ਹਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ। ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਮੌਜੂਦਾ ਮਹਿਲਾ ਕੌਂਸਲਰ ਅਤੇ ਉਸ ਦੇ ਸਹੁਰੇ ਪਰਿਵਾਰ ਉੱਤੇ ਉਨ੍ਹਾਂ ਦੀ ਦੁਕਾਨ 'ਤੇ ਕਬਜ਼ਾ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਦੁਕਾਨ ਖਾਲੀ ਨਾ ਕਰਨ 'ਤੇ ਮਹਿਲਾ ਕੌਂਸਲਰ ਦਾ ਸਹੁਰਾ ਅਤੇ ਪਤੀ, ਜਸਵੀਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਸਨ ਜਿਸ ਦੇ ਚਲਦਿਆਂ ਪਰੇਸ਼ਾਨੀ ਕਾਰਨ ਜਸਵੀਰ ਸਿੰਘ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਸਮੇਂ ਸਿਰ ਮਾਮਲੇ 'ਤੇ ਕਾਰਵਾਈ ਨਾ ਹੋਣ ਦੇ ਚਲਦਿਆਂ ਥਾਣੇ ਅਗੇ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਨੇ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਕੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ :ਚੱਕਰਵਾਤੀ ਤੂਫ਼ਾਨ ਕਾਰਨ ਮਹਾਰਾਸ਼ਟਰ 'ਚ ਭਾਰੀ ਮੀਂਹ ਪੈ ਣ ਦੀ ਚੇਤਾਵਨੀ: ਮੌਸਮ ਵਿਭਾਗ
ਦੂਜੇ ਪਾਸੇ ਰੇਲਵੇ ਪੁਲਿਸ ਦੇ ਐਸਐਚਓ ਬਲਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਪੂਰੀ ਜਾਣਕਾਰੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੇ ਵਿਰੁੱਧ ਸ਼ਿਕਾਇਤ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਦੋਸ਼ੀ ਪਾਏ ਜਾਣ ਵਾਲੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।