ਲੁਧਿਆਣਾ :ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ 'ਤੇ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ 'ਚ ਹਰਿਆਣਾ ਦੇ ਇੱਕ ਕਿਸਾਨ ਵੱਲੋਂ 51 ਲੱਖ ਦੀ ਮੱਝ ਵੇਚ ਕੇ ਲੰਗਰ ਲਗਾਉਣ ਦਾ ਚਰਚਾ ਹੈ। ਚਰਚਾ ਹੈ ਕਿ ਸਰਸਵਤੀ ਨਾਂਅ ਦੀ ਮੱਝ 51ਲੱਖ ਰੁਪਏ 'ਚ ਵਿਕੀ ਹੈ। ਇਸ ਸਬੰਧੀ ਮੱਝ ਦੇ ਮਾਲਕ ਪਵਿੱਤਰ ਸਿੰਘ ਨੇ ਹੈਰਾਨੀਜਕ ਖੁਲਾਸੇ ਕੀਤੇ ਹਨ।
51 ਲੱਖ ਦੀ ਵਿੱਕੀ ਮੱਝ ਬਾਰੇ ਖੁਲਾਸਾ
ਪਵਿੱਤਰ ਸਿੰਘ ਨੇ ਦੱਸਿਆ ਕਿ ਉਹ ਸਮਰਾਲਾ ਦੇ ਕਸਬਾ ਮਾਛੀਵਾੜਾ ਦਾ ਵਸਨੀਕ ਹੈ। ਉਸ ਨੇ ਮੋਹਰਾ ਨਸਲ ਦੀ ਸਰਸਵਤੀ ਮੱਝ ਨੂੰ 51 ਲੱਖ 'ਚ ਨਹੀਂ ਖਰੀਦਿਆ, ਬਲਕਿ ਉਸ ਨੇ 7 ਮੱਝਾਂ ਦੇ ਨਾਲ 2.50 ਲੱਖ ਰੁਪਏ ਨਗਦ ਹਰਿਆਣਾ ਦੇ ਵਪਾਰੀ ਸੁਖਬੀਰ ਟਾਂਡਾ ਨੂੰ ਦਿੱਤੇ ਸਨ। ਇਹ ਜ਼ਰੂਰ ਹੈ ਕਿ ਸੁਖਬੀਰ ਵੱਲੋਂ ਕਿਸਾਨ ਅੰਦੋਲਨ 'ਚ ਲੋਕਾਂ ਦੇ ਸਹਿਯੋਗ ਨਾਲ ਲੰਗਰ ਜ਼ਰੂਰ ਲਾਇਆ ਗਿਆ ਹੈ। ਪਵਿੱਤਰ ਸਿੰਘ ਮੁਤਾਬਕ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਗਲਤ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਹਰਿਆਣਾ ਦੇ ਵਪਾਰੀ ਸੁਖਬੀਰ ਟਾਂਡਾ ਨੇ 51 ਲੱਖ ਰੁਪਏ 'ਚ ਮੋਹਰਾ ਨਸਲ ਦੀ ਮੱਝ ਸਰਸਵਤੀ ਨੂੰ ਵੇਚ ਕੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ 'ਚ ਲੰਗਰ ਲਾਇਆ ਹੈ।
ਉਨ੍ਹਾਂ ਕਿਹਾ ਇਹ ਗੱਲ ਜ਼ਰੂਰ ਸੱਚ ਹੈ ਕਿ ਸੁਖਬੀਰ ਟਾਂਡਾ ਨੇ ਦਿੱਲੀ ਅੰਦੋਲਨ 'ਚ ਲੰਗਰ ਲਾਇਆ ਹੈ। ਉਸ ਨੇ ਲੋਕਾਂ ਦੀ ਮਦਦ ਨਾਲ ਲੰਗਰ ਸੇਵਾ ਕੀਤੀ ਹੈ ਤੇ ਉਹ ਖ਼ੁਦ ਇਸ 'ਚ ਸੇਵਾ ਕਰਵਾ ਕੇ ਆਏ ਹਨ।
ਵਿਸ਼ਵ ਰਿਕਾਰਡ ਬਣਾ ਚੁੱਕੀ ਹੈ ਮੱਝ ਸਰਸਵਤੀ
ਪਵਿੱਤਰ ਸਿੰਘ ਨੇ ਦੱਸਿਆ ਕਿ ਸਰਸਵਤੀ ਮੱਝ ਸੁਖਬੀਰ ਟਾਂਡਾ ਕੋਲ ਸੀ ਤਾਂ ਉਸ ਵੇਲੇ 33.131 ਕਿਲੋਗ੍ਰਾਮ ਦੁੱਧ ਦੇਣ ਦਾ ਵਿਸ਼ਵ ਰਿਕਾਰਡ ਬਣਾਇਆ ਸੀ, ਜਿਸ ਨੂੰ ਪਾਕਿਸਤਾਨ ਦੀ ਮੱਝ ਨੇ ਤੋੜਦਿਆਂ 33.856 ਕਿਲੋਗ੍ਰਾਮ ਦੁੱਧ ਦੇ ਕੇ ਨਵਾਂ ਰਿਕਾਰਡ ਬਣਾਇਆ ਹੈ। ਉਨ੍ਹਾਂ ਕਿਹਾ ਇਸ ਵਿਸ਼ਵ ਰਿਕਾਰਡ ਨੂੰ ਮੁੜ ਤੋਂ ਸਰਸਵਤੀ ਦੇ ਨਾਂਅ ਕਰਾਉਣ ਲਈ ਉਹ ਸਰਸਵਤੀ ਨੂੰ ਤਿਆਰ ਕਰ ਰਹੇ ਹਨ। ਇਸ ਦੇ ਅੰਤਰਗਤ ਆਉਣ ਵਾਲੀ 19 ਤੇ 20 ਫਰਵਰੀ ਨੂੰ ਸਰਸਵਤੀ ਦੀ ਦੁੱਧ ਚੁਆਈ ਲਾਈਵ ਪਸ਼ੂ ਮਾਹਿਰਾਂ ਦੇ ਸਾਹਮਣੇ ਕਰਵਾਈ ਜਾਵੇਗੀ।