ਲੁਧਿਆਣਾ: ਜਗਰਾਉਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ 23 ਵਾਰਡਾਂ ਲਈ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੌਰਾਨ 23 ਵਾਰਡਾਂ ਚੋਂ ਹਿਮਾਂਸ਼ੂ ਮਲਿਕ ਨੂੰ ਸਭ ਤੋਂ ਛੋਟੀ ਉਮਰ ਦੇ ਕੌਂਸਲਰ ਵਜੋਂ ਚੁੱਣਿਆ ਗਿਆ ਹੈ। ਹਿਮਾਂਸ਼ੂ ਮਲਿਕ ਇੱਕ ਲਾਅ ਵਿਦਿਆਰਥੀ ਹਨ ਤੇ ਇੱਕ ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹਨ। ਹਿਮਾਂਸ਼ੂ ਨੇ ਜਗਰਾਉਂ ਦੇ ਵਾਰਡ ਨੰਬਰ 12 ਤੋਂ ਚੋਣਾਂ ਲੜੀਆਂ। ਇਸ ਵਾਰਡ 'ਚ 3962 ਵੋਟਾਂ ਹਨ, ਇਨ੍ਹਾਂ ਚੋਂ ਹਿਮਾਸ਼ੂ ਨੂੰ 1273 ਵੋਟ ਬੈਂਕ ਤੇ 854 ਵੋਟਾਂ ਦੀ ਲੀਡ ਨਾਲ ਕੌਂਸਲਰ ਚੁਣਿਆ ਗਿਆ।
ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਹਿਮਾਂਸ਼ੂ ਮਲਿਕ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਕੈਬਿਨੇਟ ਮੰਤਰੀ ਭਾਰਤ ਭੂਸ਼ਣ ਆਸ਼ੂ ਤੋਂ ਪ੍ਰੇਰਤ ਹੋ ਕੇ ਰਾਜਨੀਤੀ 'ਚ ਆਉਣਾਂ ਚਾਹੁੰਦੇ ਸਨ। ਹਿਮਾਂਸ਼ੂ ਨੇ ਦੱਸਿਆ ਕਿ ਉਸ ਦੀ ਉਮਰ 24 ਸਾਲ ਹੈ ਤੇ ਹਾਲ ਹੀ ਵਿੱਚ ਉਸ ਨੇ ਆਪਣੀ ਲਾਅ ਦੀ ਡਿਗਰੀ ਪੂਰੀ ਕੀਤੀ ਹੈ। ਹਿਮਾਂਸ਼ੂ ਨੇ ਦੱਸਿਆ ਕਿ ਉਸ ਨੇ ਲਾਅ ਦੀ ਪੜ੍ਹਾਈ ਇਸ ਲਈ ਕੀਤੀ ਤਾਂ ਜੋ ਉਹ ਸਿਆਸਤ, ਸਰਕਾਰੀ ਕੰਮਾਂ ਦੇ ਕਾਨੂੰਨੀ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਸਕਣ। ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਦੇ ਸਾਰੇ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਵਾਰਡ ਦੇ ਵਿਕਾਸ ਕਾਰਜਾਂ ਦੌਰਾਨ ਉਹ ਖ਼ੁਦ ਉਥੇ ਮੌਜੂਦ ਰਹਿ ਕੇ ਕੰਮ ਕਰਵਾਉਣਗੇ। ਉਨ੍ਹਾਂ ਜਿੱਤ ਦਵਾਉਣ ਲਈ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ।
ਹਿਮਾਂਸ਼ੂ ਮਲਿਕ ਨੇ ਕਿਹਾ ਕਿ ਹੇਠਲੇ ਪੱਧਰ ਤੋਂ ਭ੍ਰਿਸ਼ਟਾਚਾਰ ਸ਼ੁਰੂ ਹੁੰਦਾ ਹੈ, ਉਹ ਆਪਣੇ ਹੋਰਨਾਂ ਕੌਂਸਲਰ ਸਾਥੀਆਂ ਨਾਲ ਮਿਲ ਕੇ ਭ੍ਰਿਸ਼ਟਾਚਾਰ ਰੋਕਣ ਲਈ ਹਰ ਸੰਭਵ ਕੋਸ਼ਿਸ ਕਰਨਗੇ। ਹਿਮਾਸ਼ੂ ਨੇ ਕਿਹਾ ਉਹ ਆਪਣੀ ਕਮੇਟੀ ਦੇ ਸਾਥੀਆਂ ਨੂੰ ਬਿਨਾਂ ਪੈਸੇ ਲਏ ਲੋਕਾਂ ਦੇ ਕੰਮ ਕਰਨ, ਕਿਉਂਕਿ ਇਸ ਨਾਲ ਆਪਣੇ ਹੀ ਸ਼ਹਿਰ ਦਾ ਹੀ ਵਿਕਾਸ ਹੋਵੇਗਾ। ਹਿਮਾਸ਼ੂ ਨੇ ਕਿਹਾ ਕਿ ਉਹ ਆਪਣੀ ਤਨਖ਼ਾਹ ਨੂੰ ਸਮਾਜ ਸੇਵੀ ਕੰਮਾਂ ਲਈ ਲਗਾਉਣਗੇ।