ਲੁਧਿਆਣਾ: ਪੰਜਾਬ ਦੇ ਸਰਕਾਰੀ ਸਕੂਲਾਂ ਦਾ ਮਿਆਰ ਉੱਪਰ ਚੁੱਕਣ ਲਈ ਲਗਾਤਾਰ ਸਿੱਖਿਆ ਵਿਭਾਗ ਉਪਰਾਲੇ ਕਰ ਰਿਹਾ ਹੈ ਜਿਸਦੇ ਹੁਣ ਨਤੀਜੇ ਵੀ ਸਾਹਮਣੇ ਆਉਣ ਲੱਗੇ ਪਏ ਹਨ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇਸ ਸਾਲ ਦਾਖ਼ਲਿਆਂ 'ਚ ਇਜ਼ਾਫ਼ਾ ਹੋਇਆ ਹੈ।
ਅੰਕੜਿਆਂ ਦੇ ਮੁਤਾਬਕ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦਾ ਦਾਖ਼ਲਾ 10.38 ਫੀਸਦੀ ਵਧਿਆ ਹੈ। ਸਾਲ 2019-20 ਦੇ ਸੈਸ਼ਨ ਲਈ ਜੋ ਗਿਣਤੀ 23.5 ਲੱਖ ਸੀ, ਹੁਣ ਇਹ ਵੱਧ ਕੇ 25.9 ਲੱਖ ਹੋ ਗਈ ਹੈ। ਇਸ ਸਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਢਾਈ ਲੱਖ ਦੇ ਕਰੀਬ ਨਵੇਂ ਬੱਚਿਆਂ ਦੇ ਦਾਖ਼ਲੇ ਹੋਏ ਹਨ।
ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਸਾਲ 2019-20 ਦੇ ਵਿੱਚ ਸਰਕਾਰੀ ਸਕੂਲਾਂ 'ਚ ਦਾਖਲਾ 1 ਲੱਖ 25 ਹਜ਼ਾਰ 118 ਸੀ। ਜੋ ਇਸ ਸਾਲ ਵੱਧ ਕੇ 1 ਲੱਖ 40 ਹਜ਼ਾਰ 129 ਹੋ ਗਿਆ ਹੈ, ਯਾਨੀ ਕਿ 15 ਹਜ਼ਾਰ ਦੇ ਲਗਭਗ ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧੇ ਹਨ। ਲੁਧਿਆਣਾ ਵਿੱਚ ਕੁੱਲ ਔਸਤ 12 ਫ਼ੀਸਦੀ ਸਰਕਾਰੀ ਸਕੂਲਾਂ 'ਚ ਦਾਖ਼ਲੇ ਵਧੇ ਹਨ।
ਇਨ੍ਹਾਂ ਅੰਕੜਿਆਂ ਦੀ ਗਿਣਤੀ ਦੇ ਮੁਤਾਬਕ ਲੁਧਿਆਣਾ ਸੂਬੇ 'ਚ ਸਭ ਤੋਂ ਪਹਿਲੇ ਨੰਬਰ 'ਤੇ ਹੈ ਜਦੋਂ ਕਿ ਫੀਸਦੀ ਦੇ ਹਿਸਾਬ ਨਾਲ ਮੋਹਾਲੀ ਸੂਬਾ ਅੱਵਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਜ਼ਿਲ੍ਹਾ ਉਪ ਸਿੱਖਿਆ ਅਫ਼ਸਰ ਚਰਨਜੀਤ ਸਿੰਘ ਨੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਵਧਣ ਦੇ ਕਾਰਨ ਵੀ ਦੱਸੇ ਜਿਨ੍ਹਾਂ 'ਚ.. .
1.ਸਕੂਲਾਂ ਦਾ ਉੱਚਾ ਹੁੰਦਾ ਮਿਆਰ
2.ਨਿੱਜੀ ਸਕੂਲਾਂ ਦੀ ਲੁੱਟ ਖਸੁੱਟ
3.ਸਰਕਾਰੀ ਸਕੂਲਾਂ 'ਚ ਚੰਗੇ ਅਧਿਆਪਕ
4.ਕਰਫਿਊ ਅਤੇ ਲੌਕਡਾਊਨ ਦੌਰਾਨ ਆਨਲਾਈਨ ਸਿੱਖਿਆ
5.ਨਿੱਜੀ ਸਕੂਲਾਂ ਮੁਕਾਬਲੇ ਵੱਧ ਤਜਰਬੇਕਾਰ ਅਧਿਆਪਕ
6.ਮੁਫ਼ਤ ਕਿਤਾਬਾਂ ਮੁਫ਼ਤ ਵਰਦੀ ਅਤੇ ਮੁਫ਼ਤ ਸਿੱਖਿਆ
7.ਸਰਕਾਰੀ ਸਕੂਲਾਂ ਦਾ ਪ੍ਰਚਾਰ ਅਤੇ ਪ੍ਰਸਾਰ
8.ਸਕੂਲਾਂ ਵਿੱਚ ਵੱਧ ਰਹੀਆਂ ਸਮਾਰਟ ਕਲਾਸਾਂ
9.ਨਿੱਜੀ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਦੇ ਬੇਹਤਰ ਨਤੀਜੇ
10.ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਿੱਧਾ ਮੁਕਾਬਲਾ ਆਦਿ ਵਰਗੇ ਕਾਰਨਾਂ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖ਼ਲੇ ਵਧੇ
ਦੂਜੇ ਪਾਸੇ ਮਾਪਿਆਂ ਨੇ ਕਿਹਾ ਕਿ ਨਿੱਜੀ ਸਕੂਲਾਂ ਦੇ ਵਿੱਚ ਲੁੱਟ ਖਸੁੱਟ ਕਰਕੇ ਮਾਪਿਆਂ ਦਾ ਰੁਖ ਸਰਕਾਰੀ ਸਕੂਲਾਂ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਕੋਲ ਹੁਣ ਕੋਈ ਹੋਰ ਰਸਤਾ ਨਹੀਂ ਹੈ। ਸਰਕਾਰੀ ਸਕੂਲਾਂ ਦੇ ਵਿੱਚ ਮੁਫ਼ਤ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਜਦੋਂ ਕਿ ਨਿੱਜੀ ਸਕੂਲ ਫੀਸਾਂ ਨੂੰ ਲੈ ਕੇ ਮਨਮਾਨੀਆਂ ਕਰ ਰਹੇ ਹਨ।
ਇਕ ਪਾਸੇ ਜਿੱਥੇ ਨਿੱਜੀ ਸਕੂਲਾਂ ਦੀ ਲੁੱਟ ਖਸੁੱਟ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖ਼ਲਿਆਂ ਦੀ ਦਰ ਲਗਾਤਾਰ ਵੱਧ ਰਹੀ ਹੈ। ਉਥੇ ਹੀ ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਅਤੇ ਉਨ੍ਹਾਂ ਦਾ ਮਿਆਰ ਉੱਚਾ ਚੁੱਕਣ ਲਈ ਵੀ ਲਗਾਤਾਰ ਉਪਰਾਲੇ ਹੁਣ ਰੰਗ ਲਿਆਉਂਦੇ ਵਿਖਾਈ ਦੇ ਰਹੇ ਹਨ।