ਲੁਧਿਆਣਾ: ਕੋਰੋਨਾ ਵਾਇਰਸ ਦੇ ਚਲਦੇ ਜਿੱਥੇ ਸੂਬੇ 'ਚ ਕਰਫਿਊ ਜਾਰੀ ਹੈ। ਉੱਥੇ ਹੀ ਸਰਕਾਰ ਵੱਲੋਂ ਕਰਫਿਊ ਦਾ ਸਮਾਂ ਵਧਾ ਦਿੱਤਾ ਗਿਆ ਹੈ ਤਾਂ ਜੋ ਲੋਕ ਆਪਣੇ ਘਰਾਂ 'ਚ ਰਹਿ ਕੇ ਕੋਰੋਨਾ ਮਹਾਂਮਾਰੀ ਤੋਂ ਬੱਚ ਸਕਣ। ਇਸ ਦੇ ਉਲਟ ਸ਼ੇਰਪੁਰ ਦੇ ਰਣਜੀਤ ਨਗਰ ਇਲਾਕੇ 'ਚ ਮੇਲਾ ਲਗਾਇਆ ਗਿਆ ਹੈ। ਇੱਥੇ ਕਰਫਿਊ ਦਾ ਕੋਈ ਅਸਰ ਨਜ਼ਰ ਨਹੀਂ ਆਇਆ।
ਇਸ ਮੇਲੇ ਦੌਰਾਨ ਸ਼ੇਰਪੁਰ ਇਲਾਕੇ ਦੇ ਰਣਜੀਤ ਨਗਰ 'ਚ ਪ੍ਰਵਾਸੀ ਮਜਦੂਰਾਂ ਦਾ ਭਾਰੀ ਇੱਕਠ ਵੇਖਿਆ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਰੇਹੜੀਆਂ, ਦੁਕਾਨਾਂ ਤੇ ਫੜੀਆਂ ਲੱਗੀ ਹੋਇਆਂ ਨਜ਼ਰ ਆਇਆਂ। ਇਸ ਦੌਰਾਨ ਮਹਿਜ ਤਿੰਨ ਪੁਲਿਸ ਮੁਲਾਜ਼ਮ ਹੀ ਨਜ਼ਰ ਆਏ ਤੇ ਉਨ੍ਹਾਂ ਵੱਲੋਂ ਇੱਥੇ ਮੇਲੇ ਨੂੰ ਰੋਕਣ ਲਈ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਸੂਚਨਾ ਮਿਲ ਦੇ ਹੀ ਜਿਵੇਂ ਮੀਡੀਆ ਉੱਥੇ ਪਹੁੰਚੀ ਤਾਂ ਮੌਕੇ 'ਤੇ ਦੁਕਾਨਦਾਰ ਤੇ ਲੋਕ ਰੇਹੜੀਆਂ ਤੇ ਆਪੋ-ਆਪਣਾ ਸਮਾਨ ਲੈ ਕੇ ਭਜਦੇ ਨਜ਼ਰ ਆਏ।
ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਕਰਫਿਊ ਮੁਕੰਮਲ ਕਰਵਾਉਣ ਤੇ ਡਰੋਨ ਕੈਮਰਿਆਂ ਰਾਹੀਂ ਸ਼ਹਿਰ 'ਚ ਨਜ਼ਰ ਰੱਖਣ ਦੇ ਦਾਅਵੇ ਝੂਠੇ ਪੈਂਦੇ ਨਜ਼ਰ ਆਏ, ਜੇਕਰ ਪੁਲਿਸ ਪ੍ਰਸ਼ਾਸਨ ਸਖ਼ਤੀ ਦਿਖਾਵੇ ਤਾਂ ਲੋਕਾਂ ਨੂੰ ਕੋਵਿਡ -19 ਮਹਾਂਮਾਰੀ ਤੋਂ ਬਚਾਇਆ ਜਾ ਸਕਦਾ ਹੈ।
ਇਸ ਬਾਰੇ ਜਦ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਮੇਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਵੱਲੋਂ ਕਿਸੇ ਨੂੰ ਵੀ ਅਜਿਹੇ ਮੇਲੇ ਆਯੋਜਿਤ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਹੈ। ਉਨ੍ਹਾਂ ਮਾਮਲੇ ਦੀ ਜਾਂਚ ਕਰਵਾ ਕੇ ਆਯੋਜਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।