ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਲੁਧਿਆਣੇ ਦੇ ਬੁੱਢੇ ਨਾਲੇ ਦੀ ਸਫਾਈ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਪਰ ਸੀਐਮ ਦਾ ਲੁਧਿਆਣਾ ਦੌਰਾ ਰੱਦ ਹੋ ਗਿਆ ਹੈ। ਹੁਣ ਮੁੱਖ ਮੰਤਰੀ ਦੀ ਬਜਾਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ।
ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਕਾਰਪੋਰੇਸ਼ਨ ਲੁਧਿਆਣਾ ਅਤੇ ਸਥਾਨਕ ਵਿਧਾਇਕਾਂ ਵੱਲੋਂ ਜਿਸ ਥਾਂ 'ਤੇ ਨੀਂਹ ਪੱਥਰ ਰੱਖਿਆ ਜਾਣਾ ਸੀ, ਉਸ ਥਾਂ ਦੀ ਕਾਇਆ ਕਲਪ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਲੁਧਿਆਣਾ ਤੋਂ ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਕਿਹਾ ਕਿ ਅਜਿਹੀਆਂ ਤਸਵੀਰਾਂ ਆਮ ਵੇਖਣ ਨੂੰ ਨਹੀਂ ਮਿਲਦੀਆਂ ਹਨ। ਆਮ ਤੌਰ 'ਤੇ ਜਨਤਾ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਵਾਰ -ਵਾਰ ਸ਼ਿਕਾਇਤ ਦੇ ਬਾਵਜੂਦ ਪ੍ਰਸ਼ਾਸਨ ਇਸ 'ਤੇ ਧਿਆਨ ਨਹੀਂ ਦਿੰਦਾ।
ਆਰਟੀਆਈ ਐਕਟੀਵਿਸਟ ਕੀਮਤੀ ਰਾਵਲ ਨੇ ਕਿਹਾ ਕਿ ਅਜਿਹੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਪਹਿਲਾਂ ਵੀ ਬੁੱਢੇ ਨਾਲੇ ਦੀ ਸਫ਼ਾਈ ਲਈ ਲਾਏ ਜਾ ਚੁੱਕੇ ਹਨ ਪਰ ਅੱਜ ਤੱਕ ਇਸ ਮਸਲੇ ਦਾ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਅੱਜ ਹੀ ਨਵੀਂਆਂ ਮਸ਼ੀਨਾਂ ਲਗਾ ਕੇ ਸਾਫ਼ ਸਫਾਈ ਕੀਤੀ ਗਈ ਹੈ ਨਹੀਂ ਤਾਂ ਇਸ ਥਾਂ ਤੇ ਲੰਘਣਾ ਵੀ ਔਖਾ ਹੁੰਦਾ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਜਿਸ ਥਾਂ 'ਤੇ ਬੁੱਢੇ ਨਾਲੇ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ, ਉਸ ਥਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਇਥੇ ਲੱਗੇ ਜ਼ਿਆਦਾਤਰ ਪੋਸਟਰਾਂ 'ਚੋਂ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਦੀ ਤਸਵੀਰ ਗਾਇਬ ਸੀ। ਹਾਲਾਂਕਿ ਸਥਾਨਕ ਵਿਧਾਇਕਾਂ, ਮੁੱਖ ਮੰਤਰੀ ਦੇ ਨਾਲ ਹੋਰਨਾਂ ਕਾਂਗਰਸੀ ਲੀਡਰਾਂ ਦੇ ਚਿਹਰੇ ਪੋਸਟਰਾਂ 'ਤੇ ਵਿਖਾਈ ਦਿੱਤੇ। ਰਵਨੀਤ ਬਿੱਟੂ ਨੂੰ ਪੋਸਟਰਾਂ ਵਿੱਚ ਥਾਂ ਨਾਂ ਦੇਣਾ ਇਹ ਦਰਸਾਉਂਦਾ ਹੈ ਕਿ ਪੰਜਾਬ ਕਾਂਗਰਸ ਵਿਚਾਲੇ ਅਜੇ ਵੀ ਆਪਸੀ ਜੰਗ ਜਾਰੀ ਹੈ।