ਲੁਧਿਆਣਾ: ਈਸਾਈ ਭਾਈਚਾਰੇ ਦੇ ਆਗੂਆਂ ਵੱਲੋਂ ਵੱਡਾ ਐਲਾਨ ਕਰਦਿਆ ਕਿਹਾ ਗਿਆ ਕਿ 27 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਰਨਤਾਰਨ ਵਿੱਚ ਹੋਈ ਘਟਨਾ ਵਿੱਚ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ।
ਲੁਧਿਆਣਾ ਵਿੱਚ ਇਸਾਈ ਭਾਈਚਾਰੇ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਜਿੱਥੇ ਲੁਧਿਆਣਾ ਤੋਂ ਇਸਾਈ ਭਾਈਚਾਰੇ ਦੇ ਆਗੂ ਐਲਬਰਟ ਦੁਆ ਨੇ ਕਿਹਾ ਕਿ ਤਰਨਤਾਰਨ ਵਿਚ ਹੋਈ ਘਟਨਾ ਵਿੱਚ ਇਨਸਾਫ ਨਹੀਂ ਮਿਲਿਆ ਅਤੇ ਇਸਾਈ ਭਾਈਚਾਰੇ ਦੇ ਪ੍ਰਚਾਰ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸਾਈ ਭਾਈਚਾਰੇ ਉੱਪਰ ਲਗਾਤਾਰ ਅਤਿਆਚਾਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 25 ਸਤੰਬਰ ਤੱਕ ਕੋਈ ਸੁਣਵਾਈ ਨਾ ਕੀਤੀ ਅਤੇ ਗ੍ਰਿਫ਼ਤਾਰੀਆਂ ਨਾ ਕੀਤੀਆਂ, ਜਾਂ ਫਿਰ ਇਸਾਈ ਭਾਈਚਾਰੇ ਦੇ ਲੋਕਾਂ ਉਪਰ ਕੀਤੇ ਝੂਠੇ ਮੁਕੱਦਮੇ ਰੱਦ ਨਾ ਕੀਤੀ, ਤਾਂ 27 ਸਤੰਬਰ ਨੂੰ ਪੰਜਾਬ ਬੰਦ ਕੀਤਾ ਜਾਵੇਗਾ।
ਅਲਬਰਟ ਦੂਆ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁਝ ਸਮਾਜ ਵਿਰੋਧੀ ਅਨਸਰ ਵੀ ਇਸਾਈ ਧਰਮ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਨ। ਏਜੰਡੇ ਦੇ ਤਹਿਤ ਉਹ ਪੋਸਟ ਪਾ ਰਹੇ ਹਨ ਅਤੇ ਨਾਲ ਹੀ ਇਸਾਈ ਧਰਮ ਦੇ ਪਾਸਟਰਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਜੋ ਕਿਸੇ ਵੀ ਸੂਰਤ ਦੇ ਵਿਚ ਬਰਦਾਸ਼ਤ ਲਾਇਕ ਨਹੀਂ ਹੈ। ਇਸ ਕਰਕੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਸਬੰਧੀ ਪੁਖ਼ਤਾ ਕਦਮ ਚੁੱਕਣ ਨਹੀਂ, ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ ਅਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ।
ਦੱਸ ਦਈਏ ਕਿ ਤਰਨਤਾਰਨ ਦੇ ਪੱਟੀ ਮੌੜ ਵਿਖੇ 30 ਅਗਸਤ ਦੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਚਰਚ ਵਿਚ ਭੰਨ ਤੋੜ (Vandalism in church at Patti Maur) ਕੀਤੀ ਗਈ ਸੀ। ਇਸ ਨੂੰ ਲੈ ਕੇ ਇਸਾਈ ਭਾਈਚਾਰੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਆਪ ਨੇ ਕਿਹਾ, ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਰੱਦ ਕਰਨ ਦਾ ਫੈਸਲਾ ਲੋਕਤੰਤਰ ਦਾ ਕਤਲ