ਲੁਧਿਆਣਾ : ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਜਿੱਥੇ ਕਿਸਾਨ ਜਥੇਬੰਦੀਆਂ 'ਚ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ, ਉਥੇ ਹੀ ਬਾਕੀ ਪਾਰਟੀਆਂ ਲਈ ਮੁਸ਼ਕਲਾਂ ਖੜ੍ਹੀ ਹੁੰਦੀਆਂ ਜਾਪ ਰਹੀਆਂ ਹਨ। ਪੀਐਮ ਮੋਦੀ ਵੱਲੋਂ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਸਭ ਤੋਂ ਪਹਿਲਾਂ ਟਵੀਟ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਸੱਦਿਆ ਗਿਆ।
ਲੁਧਿਆਣਾ ਪਹੁੰਚੇ ਹਰੀਸ਼ ਚੌਧਰੀ ਨੇ ਕਿਹਾ ਕਿ ਭਾਜਪਾ ਅਤੇ ਕੈਪਟਨ ਦਾ ਗੱਠਜੋੜ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਉੱਧਰ ਦੂਜੇ ਪਾਸੇ ਬਾਕੀ ਪਾਰਟੀਆਂ ਲਈ ਕਿਸਾਨੀ ਮੁੱਦਾ ਹੁਣ ਖ਼ਤਮ ਹੁੰਦਾ ਵਿਖਾਈ ਦੇ ਰਿਹਾ ਹੈ। ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਨੇ ਕਿ ਸਿਆਸੀ ਸਮੀਕਰਨ ਪੰਜਾਬ ਵਿੱਚ ਹੁਣ ਬਦਲ ਸਕਦੇ ਹਨ।
ਸਿਆਸੀ ਪਾਰਟੀਆਂ ਦੀ ਕੀ ਰਣਨੀਤੀ ?
ਬੀਤੇ ਇੱਕ ਸਾਲ ਤੋਂ ਲਗਾਤਾਰ ਕਿਸਾਨੀ ਅੰਦੋਲਨ ਨੂੰ ਲੈ ਕੇ ਸਿਰਫ਼ ਭਾਜਪਾ ਨੂੰ ਛੱਡ ਕੇ ਬਾਕੀ ਸਿਆਸੀ ਪਾਰਟੀਆਂ ਕਿਸਾਨ ਹਮਾਇਤੀ ਹੋਣ ਦੇ ਪੰਜਾਬ 'ਚ ਦਾਅਵੇ ਕਰਦੀਆਂ ਰਹੀਆਂ, ਭਾਵੇਂ ਉਹ ਕਾਂਗਰਸ ਹੋਵੇ, ਅਕਾਲੀ ਦਲ ਜਾਂ ਫਿਰ ਆਮ ਆਦਮੀ ਪਾਰਟੀ। ਜਿਸ ਦਿਨ ਤੋਂ ਕਿਸਾਨਾਂ ਨੇ ਭਾਜਪਾ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਉਸੇ ਦਿਨ ਤੋਂ ਕਾਂਗਰਸ ਨੇ ਕਿਸਾਨਾਂ ਦਾ ਸਾਥ ਦਿੱਤਾ। ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਫਿਰ ਚਰਨਜੀਤ ਸਿੰਘ ਚੰਨੀ ਦੋਵਾਂ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਨੇ ਕਿਸਾਨਾਂ ਨੂੰ ਖੁੱਲ੍ਹ ਕੇ ਸਮਰਥਨ ਦਿੱਤਾ। ਅਜਿਹੇ ਚ ਹੁਣ ਕਾਂਗਰਸ ਲਈ ਵੀ ਸਿਆਸੀ ਸਮੀਕਰਨ ਬਦਲ ਹੁੰਦੇ ਵਿਖਾਈ ਦੇ ਰਹੇ ਹਨ। ਕਿਸਾਨਾਂ ਨੇ ਕਾਂਗਰਸ ਨੂੰ ਵੀ ਘੇਰਨਾ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਕਾਂਗਰਸ ਕਿਸਾਨ ਹਿਤੈਸ਼ੀ ਹੋਣ ਦੇ ਦਾਅਵੇ ਕਰਦੀ ਰਹੀ।
ਕੈਪਟਨ ਅਤੇ ਭਾਜਪਾ ਦੀ ਗੰਢ ਤੁੱਪ
ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਐਲਾਨ ਤੋਂ ਸਭ ਤੋਂ ਪਹਿਲਾਂ ਟਵੀਟ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵੱਲੋਂ ਕੇਂਦਰ 'ਚ ਸੱਦਿਆ ਗਿਆ। ਇਸ ਦੇ ਨਾਲ ਹੀ ਲਗਾਤਾਰ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਮਿਲ ਕੇ ਖੇਤੀ ਕਾਨੂੰਨ ਰੱਦ ਕਰਵਾ ਕੇ ਪੰਜਾਬ ਦੀ ਰਾਜਨੀਤੀ 'ਚ ਮੁੜ ਵਾਪਸੀ ਕਰ ਸਕਦੇ ਹਨ। ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਨਾਂ ਦੀ ਪਾਰਟੀ ਵੀ ਬਣਾ ਦਿੱਤੀ। ਜਦੋਂ ਕਿ ਦੂਜੇ ਪਾਸੇ ਰਾਸ਼ਟਰਵਾਦ ਦੇ ਮੁੱਦੇ ਤੇ ਭਾਜਪਾ ਦੀ ਸੋਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮਿਲਦੀ ਜੁਲਦੀ ਰਹੀ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਕਿ ਭਾਜਪਾ ਅਤੇ ਕੈਪਟਨ ਦਾ ਗੱਠਜੋੜ ਪਹਿਲਾਂ ਤੋਂ ਹੀ ਚੱਲ ਰਿਹਾ ਸੀ।
ਕੈਪਟਨ ਦਾ ਵਿਰੋਧ ਪਰ ਭਾਜਪਾ ਨੂੰ ਐਂਟਰੀ
ਇਸ ਪੂਰੇ ਸਿਆਸੀ ਸਮੀਕਰਨਾਂ ਤੋਂ ਬਾਅਦ ਜਦੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਭਾਜਪਾ ਦੇ ਇਸ ਫ਼ੈਸਲੇ ਦਾ ਜਿੱਥੇ ਸਵਾਗਤ ਕੀਤਾ। ਉਥੇ ਹੀ ਦੂਜੇ ਪਾਸੇ ਇਹ ਵੀ ਕਿਹਾ ਕਿ ਭਾਜਪਾ ਨੂੰ ਹੁਣ ਉਹ ਪਿੰਡਾਂ ਵਿਚ ਆਉਣ ਦੇਣਗੇ ਕਿਉਂਕਿ ਭਾਜਪਾ ਆਗੂਆਂ ਦਾ ਮੁੱਖ ਵਿਰੋਧ ਖੇਤੀ ਕਾਨੂੰਨਾਂ ਕਰਕੇ ਹੀ ਸੀ। ਪਰ ਜਦੋਂ ਉਨ੍ਹਾਂ ਨੂੰ ਕੈਪਟਨ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਉਹ ਕੈਪਟਨ ਨੂੰ ਇਸ ਮਾਮਲੇ ਵਿਚ ਕ੍ਰੇਡਿਟ ਨਹੀਂ ਦੇਣਗੇ ਕਿਉਂਕਿ ਕਾਨੂੰਨ ਭਾਜਪਾ ਨੇ ਰੱਦ ਕਰੇ ਹਨ। ਅਜਿਹੇ ਚ ਕੈਪਟਨ ਅਮਰਿੰਦਰ ਸਿੰਘ ਖ਼ੁਦ ਸੀਐਮ ਹੁੰਦਿਆਂ ਜਦੋਂ ਕਿਸਾਨਾਂ ਲਈ ਕੋਈ ਫ਼ੈਸਲਾ ਨਹੀਂ ਲੈ ਸਕੇ ਤਾਂ ਹੁਣ ਕੀ ਲੈਣਗੇ।
ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ
ਹਾਲਾਂਕਿ ਕਿਸਾਨ ਜਥੇਬੰਦੀਆਂ ਸਵਾਲ ਖੜੇ ਕਰਨਗੀਆਂ ਕਿ ਅਕਾਲੀ ਦਲ ਨੇ ਪਹਿਲਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ ਸੀ ਪਰ ਕਿਸਾਨਾਂ ਦੇ ਵਿਰੋਧ ਤੋਂ ਬਾਅਦ ਅਕਾਲੀ ਦਲ ਨੂੰ ਵੀ ਭਾਜਪਾ ਦਾ ਵਿਰੋਧ ਕਰਨਾ ਪਿਆ ਅਤੇ ਭਾਜਪਾ ਨਾਲ ਆਪਣਾ ਗੱਠਜੋੜ ਤੋੜਨਾ ਪਿਆ। ਇਸ ਦੇ ਚੱਲਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਆਪਣਾ ਮੰਤਰਾਲੇ ਛੱਡਣਾ ਪਿਆ। ਜਦੋਂਕਿ ਬੀਤੇ ਦਿਨੀਂ ਸੁਖਬੀਰ ਬਾਦਲ ਨੇ ਵੱਡਾ ਬਿਆਨ ਦਿੱਤਾ ਕਿ ਹਰਸਿਮਰਤ ਕੌਰ ਬਾਦਲ ਵਿਧਾਨ ਸਭਾ ਚੋਣਾਂ ਨਹੀਂ ਲੜਨਗੀਆਂ। ਅਜਿਹੇ 'ਚ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਕਿਸਾਨਾਂ ਦਾ ਮਸਲਾ ਹੱਲ ਹੋ ਗਿਆ ਤਾਂ ਅਕਾਲੀ ਦਲ ਮੁੜ ਤੋਂ ਭਾਜਪਾ ਨਾਲ ਗੱਠਜੋੜ ਕਰ ਸਕਦਾ ਹੈ। ਅਜਿਹੇ 'ਚ ਹਰਸਿਮਰਤ ਕੌਰ ਬਾਦਲ ਨੂੰ ਭਾਜਪਾ ਕੇਂਦਰੀ ਮੰਤਰੀ ਦਾ ਦਰਜਾ ਮੁੜ ਤੋਂ ਦੇਣ 'ਚ ਕੋਈ ਗੁਰੇਜ਼ ਨਹੀਂ ਕਰੇਗਾ। ਜਦਕਿ ਦੂਜੇ ਪਾਸੇ ਕਾਂਗਰਸ ਵਲੋਂ ਲਗਾਤਾਰ ਕਿਹਾ ਜਾਂਦਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਸਿਰਫ਼ ਡਰਾਮੇਬਾਜ਼ੀ ਹੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨ, ਕਿਸਾਨੀ ਅੰਦੋਲਨ ਅਤੇ ਸਿਆਸਤ
ਆਪ ਦਾ ਪੰਜਾਬ ਦੀ ਸਿਆਸਤ 'ਚ ਰੋਲ
ਕਿਸਾਨ ਅੰਦੋਲਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲ ਕਿਸਾਨਾਂ ਦਾ ਕੋਈ ਸ਼ੁਰੂ ਤੋਂ ਹੀ ਝੁਕਾਅ ਬਹੁਤਾ ਨਹੀਂ ਰਿਹਾ। ਹਾਲਾਂਕਿ ਦਿੱਲੀ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਤਾਂ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੇ ਸਮਰਥਨ ਵਿੱਚ ਆ ਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਸਨ। ਆਮ ਆਦਮੀ ਪਾਰਟੀ ਲਗਾਤਾਰ ਦਿੱਲੀ ਮਾਡਲ ਦੀ ਗੱਲ ਕਰਕੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰਨ ਦੀ ਰਣਨੀਤੀ ਬਣਾਉਂਦੀ ਰਹੀ ਹੈ ਪਰ ਪੰਜਾਬ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੇ ਪੰਜਾਬ ਮਾਡਲ 'ਤੇ ਵੀ ਸਵਾਲ ਖੜ੍ਹੇ ਕਰਦੀ ਰਹੀ ਹੈ।
ਭਾਜਪਾ ਹੋਈ ਗਦਗਦ
ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਭਾਜਪਾ ਹੁਣ ਗਦਗਦ ਵਿਖਾਈ ਦੇ ਰਹੀ ਹੈ। ਭਾਜਪਾ ਦਾ ਲਗਾਤਾਰ ਪਿੰਡਾਂ ਵਿੱਚ ਵਿਰੋਧ ਹੋ ਰਿਹਾ ਸੀ, ਜਿਸ ਤੋਂ ਬਾਅਦ ਭਾਜਪਾ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਘਿਰਦੀ ਵਿਖਾਈ ਦੇ ਰਹੀ ਸੀ। ਪਰ ਹੁਣ ਕਿਸਾਨੀ ਮੁੱਦਾ ਜੇਕਰ ਖ਼ਤਮ ਹੁੰਦਾ ਹੈ ਤਾਂ ਭਾਜਪਾ ਨੂੰ ਪੰਜਾਬ ਅੰਦਰ ਮੁੜ ਤੋਂ ਆਪਣਾ ਸਿਆਸੀ ਭਵਿੱਖ ਵਿਖਾਈ ਦੇ ਰਿਹਾ ਹੈ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨਰਮਦਿਲ ਨੇ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਹਿੱਤ ਵਿਚ ਜੋ ਫੈਸਲਾ ਅੱਜ ਲਿਆ ਹੈ ਉਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਹਾਲਾਂਕਿ ਕਿਸਾਨ ਵੀ ਇਹ ਕਹਿੰਦੇ ਵਿਖਾਈ ਦੇ ਰਹੇ ਨੇ ਕਿ ਹੁਣ ਭਾਜਪਾ ਦੀ ਪਿੰਡਾਂ ਦੇ ਵਿੱਚ ਐਂਟਰੀ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ਰੱਦ ਹੋਣ ’ਤੇ ਚੰਡੀਗੜ੍ਹ ’ਚ ਖੁਸ਼ੀ ਦਾ ਮਹੌਲ