ਖੰਨਾ: ਸਾਬਕਾ ਬਾਰ ਕਾਊਂਸਲ ਪ੍ਰਧਾਨ 'ਤੇ ਉਸ ਦੇ ਸਾਥੀਆਂ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ 'ਚ ਅੱਜ ਪੁਲਿਸ ਨੇ ਮੌਜੂਦਾ ਕਾਂਗਰਸੀ ਨਗਰ ਕਾਊਂਸਲ ਪ੍ਰਧਾਨ ਸਮੇਤ 5 ਵਿਅਕਤੀਆਂ ਵਿਰੁੱਧ ਪਰਚਾ ਦਰਜ਼ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਖੰਨਾ ਦੇ ਬਾਰ ਕਾਊਂਸਲ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੇ ਸਾਥੀ ਵਕੀਲ ਮਨੀਸ਼ ਖੰਨਾਂ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਨਗਰ ਕਾਊਂਸਲ ਪ੍ਰਧਾਨ ਵਿਕਾਸ ਮਹਿਤਾ, ਅਮਿਤ ਤਿਵਾੜੀ ਸਮੇਤ 5 ਵਿਅਕਤੀਆਂ 'ਤੇ ਕੇਸ ਤਾਂ ਦਰਜ ਕਰ ਲਿਆ ਹੈ, ਪਰ ਪੁਲਿਸ ਨੇ ਬਹੁਤ ਘੱਟ ਧਾਰਾਵਾਂ ਲਗਾਈਆਂ ਹਨ ਜੋ ਕੀ ਆਰੋਪੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਨੂੰ ਲੈ ਕੇ ਐੱਸਐੱਸਪੀ ਨੂੰ ਵਕੀਲਾਂ ਦਾ ਵਫ਼ਦ ਮਿਲਿਆ ਹੈ। ਐੱਸਐੱਸਪੀ ਨੇ ਸ਼ਾਮ ਤੱਕ ਧਾਰਾਵਾਂ ਵਿੱਚ ਇਜਾਫ਼ਾ ਕਰਨ ਦੀ ਗੱਲ ਕੀਤੀ ਹੈ। ਅੱਜ ਖੰਨਾ ਸਹਿਤ ਜਿਲਾਂ ਲੁਧਿਆਣਾ ਦੇ ਵਕੀਲਾਂ ਨੇ ਹੜਤਾਲ ਕੀਤੀ ਹੈ, ਜੇਕਰ ਸ਼ਾਮ ਤੱਕ ਧਾਰਾਵਾਂ ਨੂੰ ਨਾਂ ਵਧਾਇਆ ਗਿਆ ਤਾਂ ਪੂਰੇ ਪੰਜਾਬ ਵਿੱਚ ਵਕੀਲ ਹੜਤਾਲ ਤੇ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਵਕੀਲ 'ਤੇ ਹੋਏ ਹਮਲੇ ਦੇ ਮਾਮਲੇਂ ਵਿੱਚ ਖੰਨਾ ਬਾਰ ਐਸੋਸੀਏਸ਼ਨ ਦਾ ਕੋਈ ਵੀ ਵਕੀਲ ਕੇਸ ਨਹੀਂ ਲੜੇਗਾ।
ਜ਼ਿਕਰਯੋਗ ਹੈ ਕਿ ਖੰਨਾ 'ਚ ਕੁਝ ਦਿਨ ਪਹਿਲਾਂ ਕਾਂਗਰਸੀ ਨਗਰ ਕਾਊਂਸਲ ਪ੍ਰਧਾਨ ਨੇ ਆਪਣੇ ਸਾਥੀਆਂ ਨਾਲ ਰਲ ਕੇ ਸਾਬਕਾ ਬਾਰ ਕਾਊਂਸਲ ਪ੍ਰਧਾਨ ਅਤੇ ਉਸ ਦੇ ਸਾਥੀਆਂ ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ ਲਗਾਏ ਸਨ। ਇਸ ਹਮਲੇ ਦੇ ਵਿਰੋਧ 'ਚ ਖੰਨਾ ਬਾਰ ਕਾਊਂਸਲ ਵੱਲੋਂ ਕੰਮ ਬੰਦ ਕਰਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।