ਲੁਧਿਆਣਾ: ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਦੇ ਤਹਿਤ ਮਾਛੀਵਾੜਾ 'ਚ ਇੱਕ ਬੋਲੀ ਰੱਦ ਕਰਵਾ ਦਿੱਤੀ ਗਈ ਹੈ। ਦਰਅਸਲ ਮਾਛੀਵਾੜਾ ਬਲਾਕ ਦੇ ਪਿੰਡ ਖਾਨਪੁਰ ਮੰਡ ਵਿਖੇ 20 ਏਕੜ ਪੰਚਾਇਤੀ ਜ਼ਮੀਨ 'ਤੇ ਉਦਯੋਗਿਕ ਇਕਾਈ ਵੱਲੋਂ ਪਰਾਲੀ ਤੋਂ ਤਿਆਰ ਹੋਣ ਵਾਲੇ ਬਾਇਓਗੈਸ ਦਾ ਪਲਾਂਟ ਲਗਾਉਣ ਦੀ ਤਜਵੀਜ਼ ਸੀ। ਇਸ ਸਬੰਧੀ ਇੰਡਸਟ੍ਰੀ ਵਾਲੇ ਬੋਲੀ ਦੇਣ ਲਈ ਆਏ ਸਨ ਮੌਕੇ 'ਤੇ ਪੁੱਜੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਲੋਕਾਂ ਨੂੰ ਨਾਲ ਲੈ ਕੇ ਡਟਵਾਂ ਵਿਰੋਧ ਕੀਤਾ ਜਿਸ ਕਾਰਨ ਬੋਲੀ ਦੇਣ ਆਏ ਇੰਡਸਟ੍ਰੀਕਾਰ ਵੀ ਇਸ ਪ੍ਰਦਰਸ਼ਨ ਤੋਂ ਬਚਦੇ ਹੋਏ ਬੋਲੀ ਦੇਣ ਤੋਂ ਮਨ੍ਹਾ ਕਰ ਗਏ।
ਬੈਂਸ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ 1 ਲੱਖ 53 ਹਜ਼ਾਰ ਏਕੜ ਪੰਚਾਇਤੀ ਜ਼ਮੀਨ ਮਾਫ਼ੀਆ ਨੂੰ ਸੌਂਪ ਕੇ ਪੰਜਾਬ ਦੇ ਕਿਸਾਨਾਂ ਨੂੰ ਬੇਰੁਜ਼ਗਾਰ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਪੰਚਾਇਤੀ ਜ਼ਮੀਨਾਂ ਉਦਯੋਗਿਕ ਘਰਾਣਿਆਂ ਨੂੰ ਦੇਣ ਦੀ ਆੜ੍ਹ ਹੇਠ ਆਪ ਵੀ ਚੰਡੀਗੜ੍ਹ ਨੇੜ੍ਹੇ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਨੂੰ ਦੱਬਣ ਦੀ ਫਿਰਾਕ 'ਚ ਹੈ।
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੋਲ ਵੀ ਸੈਂਕੜੇ ਏਕੜ ਪੰਚਾਇਤੀ ਜ਼ਮੀਨ ਹੈ ਤੇ ਦੋਵੇਂ ਘਿਓ-ਖਿਚੜੀ ਹੋਏ ਇਹ ਜ਼ਮੀਨਾਂ ਹੜੱਪਣਾ ਚਾਹੁੰਦੇ ਹਨ। ਵਿਧਾਇਕ ਬੈਂਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਪਿਛਲੇ ਸਮੇਂ ਦੌਰਾਨ ਜੇ ਕਿਸੇ ਪੰਚਾਇਤੀ ਜ਼ਮੀਨ 'ਤੇ ਉਦਯੋਗਿਕ ਇਕਾਈ ਲੱਗੀ ਤਾਂ ਉਸ ਤੋਂ ਬਾਅਦ ਪੰਚਾਇਤ ਨੂੰ ਜ਼ਮੀਨ ਦਾ ਠੇਕਾ ਨਹੀਂ ਮਿਲਿਆ ਜੋ ਹੁਣ ਅਦਾਲਤਾਂ ਦੇ ਧੱਕੇ ਖਾ ਰਹੇ ਹਨ। ਇਸ ਲਈ ਇਹ ਜ਼ਮੀਨਾਂ ਉਦਯੋਗਿਕ ਘਰਾਣਿਆਂ ਨੇ ਹੜੱਪ ਲੈਣੀਆਂ ਹਨ ਜਿਸ ਕਰਕੇ ਕਿਸਾਨ ਬੇਜ਼ਮੀਨੇ ਹੋ ਜਾਣਗੇ।
ਉਧਰ ਇਸ ਸਬੰਧੀ ਡੀਡੀਪੀਓ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਇਤਰਾਜ਼ ਕਾਰਨ ਬੋਲੀ ਵਿੱਚ ਵਿਘਨ ਪਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਜਵੀਜ਼ ਰੱਖੀ ਹੈ ਕਿ ਪੰਚਾਇਤੀ ਜ਼ਮੀਨ ਨੂੰ 33 ਸਾਲ ਲਈ ਲੀਜ਼ 'ਤੇ ਦਿੱਤਾ ਜਾ ਸਕਦਾ ਹੈ।