ਲੁਧਿਆਣਾ: ਆਮ ਆਦਮੀ ਪਾਰਟੀ ਨੇ ਸ਼ੁੱਕਰਵਾਰ ਨੂੰ ਛਪਾਰ ਮੇਲੇ ਮੌਕੇ ਆਪਣੀ ਸਿਆਸੀ ਸਟੇਜ ਸਜਾਈ, ਜਿੱਥੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਣੇ ਸਮੁੱਚੀ ਲੁਧਿਆਣਾ ਦੀ ਲੀਡਰਸ਼ਿਪ ਮੌਜੂਦ ਰਹੀ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੀ ਇਸ ਮੌਕੇ ਮੌਜੂਦ ਰਹੇ। ਪਹਿਲਾਂ ਤਾਂ ਆਮ ਆਦਮੀ ਪਾਰਟੀ ਦੀ ਰੈਲੀ ਕੁਝ ਠੰਡੀ ਹੀ ਵਿਖਾਈ ਦਿੱਤੀ ਪਰ ਭਗਵੰਤ ਮਾਨ ਦੇ ਆਉਣ ਤੋਂ ਬਾਅਦ ਲੋਕਾਂ ਦਾ ਵੱਡਾ ਇਕੱਠ ਹੋ ਗਿਆ।
ਇਸ ਮੌਕੇ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਾਖਾ ਹਲਕੇ ਤੋਂ ਭਾਵੇਂ ਐਚਐਸ ਫੂਲਕਾ ਕੁੱਝ ਕਾਰਨਾਂ ਕਰਕੇ ਚਲੇ ਗਏ ਪਰ 'ਆਪ' ਇਹ ਚੋਣ ਜ਼ਰੂਰ ਲੜੇਗੀ ਅਤੇ ਜਿੱਤ ਕੇ ਵਿਖਾਏਗੀ। ਮਾਨ ਨੇ ਕਿਹਾ ਕਿ ਲੋਕਾਂ ਦੇ ਵਿੱਚ ਕੁਝ ਰੋਸ ਜ਼ਰੂਰ ਹੈ, ਪਰ ਉਹ ਦੂਰ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਕਰਤਾਰਪੁਰ ਲਾਂਘੇ 'ਤੇ ਬੋਲਦਿਆਂ ਕਿਹਾ ਕਿ ਪਾਕਿਸਤਾਨ ਨੂੰ ਸਿੱਖ ਸੰਗਤ 'ਤੇ ਕੋਈ ਵੀ ਟੈਕਸ ਨਹੀਂ ਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਗੋਂ ਸੰਗਤ ਨੂੰ ਬਾਬੇ ਨਾਨਕ ਦੇ ਦਰਬਾਰ ਦੇ ਮੁਫ਼ਤ ਦਰਸ਼ਨ ਲਈ ਇਜਾਜ਼ਤ ਦੇਣੀ ਚਾਹੀਦੀ ਹੈ। ਇਸ ਦੌਰਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰ ਨੂੰ ਕੋਈ ਵੀ ਬਜਟ ਨਾ ਦੇਣ 'ਤੇ ਵੀ ਮਾਨ ਨੇ ਨਮੋਸ਼ੀ ਜ਼ਾਹਿਰ ਕੀਤੀ।
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ ਅਤੇ ਹੁਣ ਉਨ੍ਹਾਂ ਦੇ ਪ੍ਰਕਾਸ਼ ਪੁਰਬ 'ਤੇ ਹੀ ਸਿਆਸਤ ਹੋ ਰਹੀ ਹੈ। ਇਸ ਮੌਕੇ ਭਗਵੰਤ ਮਾਨ ਨੇ ਮਜੀਠੀਆ ਪਰਿਵਾਰ ਵੱਲੋਂ ਜਲ੍ਹਿਆਂਵਾਲਾ ਬਾਗ ਕਤਲਕਾਂਡ ਦੇ ਦੋਸ਼ੀ ਨੂੰ ਡਿਨਰ ਕਰਵਾਉਣ ਨੂੰ ਲੈ ਕੇ ਮੁੜ ਤੋਂ ਸਵਾਲ ਖੜੇ ਕੀਤੇ। ਭਗਵੰਤ ਮਾਨ ਨੇ ਕਿਹਾ ਕਿ ਉਹ ਜਲਦ ਹੀ ਦਾਖਾ ਸੀਟ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰਨਗੇ।
'ਆਪ' ਦੇ ਸਾਂਸਦ ਭਗਵੰਤ ਮਾਨ ਨੇ ਅਕਾਲੀ ਦਲ ਅਤੇ ਕਾਂਗਰਸ ਨੂੰ ਖਰੀਆਂ ਖਰੀਆਂ ਸੁਣਾਈਆਂ ਉਥੇ ਹੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ 'ਚ ਨਿੱਤਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪਾਰਟੀ ਨਾਲ ਜੁੜਨਾ ਚਾਹੁੰਦੀ ਹੈ ਤੇ ਨਾਲ ਹੀ ਬਜ਼ੁਰਗਾਂ ਨੂੰ ਵੀ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਚੁੱਕ ਲੈਣਾ ਚਾਹੀਦਾ ਹੈ।