ਲੁਧਿਆਣਾ : ਸ਼ਹਿਰ 'ਚ ਸਥਿਤ ਗੁਰੂ ਨਾਨਕ ਸਟੇਡੀਅਮ 'ਚ ਕੌਮੀ ਬਾਸਕਟਬਾਲ ਚੈਂਪੀਅਨਸ਼ਿਪ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦਾ ਉਦਘਾਟਨ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤਾ।
ਇਸ ਤੋਂ ਪਹਿਲਾਂ ਲੁਧਿਆਣਾ ਵਿੱਚ 1950-51 ‘ਚ ਪਹਿਲੀ ਵਾਰ ਇਹ ਚੈਂਪੀਅਨਸ਼ਿਪ ਕਰਵਾਈ ਗਈ ਸੀ ਪਰ ਉਸ ਸਮੇਂ ਸਿਰਫ ਮਰਦਾਂ ਦੇ ਮੁਕਾਬਲੇ ਸਨ ਪਰ ਹੁਣ ਇਸ 'ਚ ਮਰਦਾਂ ਅਤੇ ਔਰਤਾਂ ਦੋਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।
ਇਸ ਚੈਂਪੀਅਨਸ਼ਿਪ ਨੂੰ ਲੈ ਕਿ ਜਿੱਥੇ ਲੁਧਿਆਣਾ ਦੇ ਬਾਸਕਟਬਾਲ ਖਿਡਾਰੀਆਂ 'ਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਵੱਲੋਂ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਪੂਰੀ ਟੀਮ ਇਸ ਚੈਂਪੀਅਨਸ਼ਿਪ ਨੂੰ ਸਫ਼ਲ ਬਨਾਉਣ ਵਿੱਚ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਦੇ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ ਅਤੇ ਇਸ ਚੈਂਪੀਅਨਸ਼ਿਪ ਨੂੰ ਲੈ ਕੇ ਉਹ ਕਾਫ਼ੀ ਉਤਸ਼ਾਹਿਤ ਹਨ।
ਹੋਰ ਪੜ੍ਹੋ :ਉਨਾਓ ਜਬਰ ਜਨਾਹ ਮਾਮਲੇ ਦੀ ਪੀੜਤਾ ਦੀ ਹੋਈ ਮੌਤ, ਐਸਪੀ ਦਫ਼ਤਰ ਅੱਗੇ ਲਾਈ ਸੀ ਅੱਗ
ਦੱਸਣਯੋਗ ਹੈ ਕਿ ਲੁਧਿਆਣਾ 'ਚ 1981-82, 1994-95, 1997-98, 2001-02, 2004-05, 2008-2010 ਅਤੇ 2012-2013 ਵਿੱਚ ਇਹ ਚੈਂਪੀਅਨਸ਼ਿਪ ਕਰਵਾਈ ਜਾ ਚੁੱਕੀ ਹੈ। ਹੁਣ ਤਕਰੀਬਨ ਸੱਤ ਸਾਲਾਂ ਤੋਂ ਬਾਅਦ ਲੁਧਿਆਣਾ 'ਚ ਨੌਵੀਂ ਵਾਰ ਇਹ ਕੌਮੀ ਪੱਧਰ ਦੀ ਚੈਂਪੀਅਨਸ਼ਿਪ ਹੋ ਰਹੀ ਹੈ। ਇਸ ਚੈਂਪੀਅਨਸ਼ਿਪ 'ਚ ਲੜਕਿਆਂ ਦੀਆਂ 30 ਜਦਕਿ ਲੜਕੀਆਂ ਦੀਆਂ 26 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ 56 ਟੀਮਾਂ ਦੇ ਗੁਰੂ ਨਾਨਕ ਸਟੇਡੀਅਮ ਦੇ ਇਨਡੋਰ ਅਤੇ ਆਊਟਡੋਰ ਮੈਦਾਨਾਂ ’ਤੇ ਮੁਕਾਬਲੇ ਕਰਵਾਏ ਜਾਣਗੇ।